ਨਵੀਂ ਦਿੱਲੀ, 8 ਅਗਸਤ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ ਦੇ ਕੁੱਝ ਪਿੰਡਾਂ ਵਿੱਚ ਨਵ-ਨਿਯੁਕਤ ਮਹਿਲਾ ਪੰਚਾਇਤ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਥਾਂ ਉਨ੍ਹਾਂ ਦੇ ਪਤੀਆਂ ਜਾਂ ਪੁਰਸ਼ ਰਿਸ਼ਤੇਦਾਰਾਂ ਨੂੰ ਅਹੁਦੇ ਦੀ ਸਹੁੰ ਚੁਕਵਾਉਣਾ ‘ਸੰਵਿਧਾਨ ਦਾ ਮਜ਼ਾਕ’ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਨੂੰ ਇਨ੍ਹਾਂ ਵਿਅਕਤੀ ਵੱਲੋਂ ਚੁੱਕੀ ਗਈ ਸਹੁੰ ਰੱਦ ਕਰ ਦੇਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਚੁਣੇ ਗਏ ਮਹਿਲਾ ਨੁਮਾਇੰਦੇ ਹੀ ਪੰਚਾਇਤ ਮੈਂਬਰਾਂ ਵਜੋਂ ਸਹੁੰ ਚੁੱਕਣ। ਉਨ੍ਹਾਂ ਟਵੀਟ ਕੀਤਾ ਕੀਤਾ, ‘‘ਮੱਧ ਪ੍ਰਦੇਸ਼ ਵਿੱਚ ਮਹਿਲਾ ਪੰਚਾਇਤ ਨੁਮਾਇੰਦਿਆਂ ਦੀ ਥਾਂ ਉਨ੍ਹਾਂ ਦੇ ਪਤੀਆਂ ਨੂੰ ਸਹੁੰ ਚੁੱਕਦੇ ਦੇਖਣਾ ਦੁਖਦਾਈ ਹੈ। ਵਿਸ਼ਵਾਸ ਨਹੀਂ ਹੋ ਰਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਸੰਵਿਧਾਨ ਅਤੇ ਕਾਨੂੰਨ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਜਾ ਸਕਦਾ ਹੈ।”
ਜ਼ਿਕਰਯੋਗ ਹੈ ਕਿ ਇੱਥੋਂ ਦੇ ਸਾਗਰ ਅਤੇ ਦਮੋਹ ਜ਼ਿਲਿਆਂ ’ਚ ਕੁਝ ਥਾਵਾਂ ’ਤੇ ਹਾਲ ਹੀ ’ਚ ਹੋਈਆਂ ਪੰਚਾਇਤੀ ਚੋਣਾਂ ’ਚ ਚੁਣੇ ਗਏ ਮਹਿਲਾ ਨੁਮਾਇੰਦਿਆਂ ਦੀ ਜਗ੍ਹਾ ਉਨ੍ਹਾਂ ਦੇ ਪੁਰਸ਼ ਰਿਸ਼ਤੇਦਾਰਾਂ ਨੇ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਗਮ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ। ਇਹ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸਾਗਰ ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਪਿਛਲੇ ਸ਼ੁੱਕਰਵਾਰ ਨੂੰ ਜੈਸੀਨਗਰ ਗ੍ਰਾਮ ਪੰਚਾਇਤ ਦੇ ਸਕੱਤਰ ਆਸ਼ਾਰਾਮ ਸਾਹੂ ਨੂੰ ਮੁਅੱਤਲ ਕਰ ਦਿੱਤਾ ਸੀ। -ਪੀਟੀਆਈ