ਨਵੀਂ ਦਿੱਲੀ, 12 ਅਗਸਤ
ਭਾਰਤ ਨੇ ਕਿਹਾ ਹੈ ਕਿ ਉਹ ਤਾਇਵਾਨ ਦੇ ਆਲੇ ਦੁਆਲੇ ਵਾਪਰ ਰਹੇ ਘਟਨਾਕ੍ਰਮ ਤੋਂ ਫਿਕਰਮੰਦ ਹੈ। ਭਾਰਤ ਨੇ ਖ਼ਿੱਤੇ ’ਚ ਮੌਜੂਦਾ ਸਥਿਤੀ ਬਦਲਣ ਵਾਲੀ ਕਿਸੇ ਵੀ ਇਕਤਰਫਾ ਕਾਰਵਾਈ ਤੋਂ ਗੁਰੇਜ਼ ਕਰਨ ਦਾ ਸੱਦਾ ਦਿੰਦਿਆਂ ਚੀਨ ਸਮੇਤ ਸਾਰੀਆਂ ਧਿਰਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਖਿੱਤੇ ਵਿੱਚ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰੱਖਣ ’ਤੇ ਜ਼ੋਰ ਦਿੱਤਾ। ਦੱਸਣਯੋਗ ਹੈ ਕਿ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਹਾਲ ਹੀ ਵਿੱਚ ਤਾਇਵਾਨ ਦਾ ਦੌਰਾ ਕੀਤੇ ਜਾਣ ਮਗਰੋਂ ਚੀਨ ਭੜਕ ਗਿਆ ਸੀ ਅਤੇ ਉਸ ਵੱਲੋਂ ਤਾਇਵਾਨ ਦੇ ਆਲੇ-ਦੁਆਲੇ ਫ਼ੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਬਾਗਚੀ ਨੇ ‘ਇਕ ਚੀਨ’ ਨੀਤੀ ਦੇ ਸਵਾਲ ’ਤੇ ਕਿਹਾ ਕਿ ਭਾਰਤ ਦੀਆਂ ਨੀਤੀਆਂ ਜਗ ਜ਼ਾਹਿਰ ਹਨ ਅਤੇ ਉਨ੍ਹਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ। ਤਾਇਵਾਨ ਜਲਡਮਰੂ ’ਚ ਪੈਦਾ ਹੋਏ ਤਣਾਅ ਬਾਰੇ ਭਾਰਤ ਦਾ ਇਹ ਪਹਿਲਾ ਪ੍ਰਤੀਕਰਮ ਹੈ। ਭਾਰਤ ਦੇ ਤਾਇਵਾਨ ਨਾਲ ਭਾਵੇਂ ਰਸਮੀ ਕੂਟਨੀਤਕ ਸਬੰਧ ਨਹੀਂ ਹਨ ਪਰ ਦੋਵੇਂ ਮੁਲਕਾਂ ’ਚ ਵਪਾਰ ਹੁੰਦਾ ਹੈ ਅਤੇ ਲੋਕਾਂ ਵਿਚਕਾਰ ਮਜ਼ਬੂਤ ਸਬੰਧ ਹਨ। ਭਾਰਤ ਦੇ ਸੈਰ ਸਪਾਟਾ, ਸੱਭਿਅਚਾਰ ਅਤੇ ਸਿੱਖਿਆ ਦੇ ਖੇਤਰ ’ਚ ਵੀ ਤਾਇਵਾਨ ਨਾਲ ਵਧੀਆ ਸਬੰਧ ਹਨ। -ਪੀਟੀਆਈ