ਸ਼ਾਂਤੀਨਿਕੇਤਨ (ਕੋਲਕਾਤਾ), 24 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਆਤਮ ਨਿਰਭਰ’ ਮੁਹਿੰਮ ਨੂੰ ਗੁਰੂਦੇਵ ਰਵਿੰਦਰਨਾਥ ਟੈਗੋਰ ਦੇ ਨਜ਼ਰੀਏ ਦਾ ਤੱਤ ਸਾਰ ਦੱਸਿਆ ਅਤੇ ਕਿਹਾ ਕਿ ਇਹ ਦੁਨੀਆ ਤੇ ਭਾਰਤ ਦੀ ਭਲਾਈ ਅਤੇ ਉਸ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਦੁਨੀਆ ’ਚ ਖੁਸ਼ਹਾਲੀ ਲਿਆਉਣ ਦਾ ਮਾਰਗ ਵੀ ਹੈ। ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਸਥਿਤ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਯੂਨੀਵਰਸਿਟੀ ਵੱਲੋਂ ਦੇਸ਼ ਦੇ ਆਜ਼ਾਦੀ ਅੰਦੋਲਨ ਤੇ ਆਜ਼ਾਦੀ ਮਗਰੋਂ ਆਲਮੀ ਭਾਈਚਾਰੇ ਦੀ ਮਜ਼ਬੂਤੀ ਲਈ ਨਿਭਾਈ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਵਿਸ਼ਵ ਭਾਰਤੀ ਲਈ ਗੁਰੂਦੇਵ ਦਾ ਜੋ ਨਜ਼ਰੀਆ ਸੀ ਉਹੀ ਆਤਮਨਿਰਭਰ ਭਾਰਤ ਦਾ ਤੱਤ ਸਾਰ ਹੈ। ਆਤਮਨਿਰਭਰਤਾ ਦਾ ਮਾਰਗ ਹੀ ਭਾਰਤ ਦੇ ਨਾਲ ਨਾਲ ਆਲਮੀ ਵਿਕਾਸ ਦਾ ਮਾਰਗ ਹੈ।’ ਉਨ੍ਹਾਂ ਕਿਹਾ ਕਿ ਟੈਗੋਰ ਅਤੇ ਇਸ ਸੰਸਥਾ ਨੇ ਨਾ ਸਿਰਫ਼ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਬਲਕਿ ਵਿਸ਼ਵ ਭਾਈਚਾਰੇ ਦੀ ਭਾਵਨਾ ਦਾ ਵੀ ਪ੍ਰਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵੇਦ ਤੋਂ ਵਿਵੇਕਾਨੰਦ ਤੱਕ ਦੇ ਭਾਰਤੀ ਚਿੰਤਨ ਦੀ ਝਲਕ ਗੁਰੂਦੇਵ ਰਵਿੰਦਰਨਾਥ ਟੈਗੋਰ ਦੇ ‘ਰਾਸ਼ਟਰਵਾਦ’ ਦੇ ਚਿੰਤਨ ’ਚੋਂ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ਦਾ ਨਜ਼ਰੀਆ ਸੀ ਕਿ ਜੋ ਭਾਰਤ ’ਚ ਸਰਬੋਤਮ ਹੈ ਉਸ ਨਾਲ ਦੁਨੀਆ ਦਾ ਲਾਭ ਹੋਵੇ ਅਤੇ ਜੋ ਦੁਨੀਆ ਚ ਚੰਗਾ ਹੈ, ਉਸ ਤੋਂ ਭਾਰਤ ਸਿੱਖੇ।’ ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆਂ ਭਰ ਨੂੰ ਵਿਸ਼ਵ ਭਾਰਤੀ ਦਾ ਸੁਨੇਹਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ‘ਕੌਮਾਂਤਰੀ ਸੌਰ ਗੱਠਜੋੜ’ ਤਹਿਤ ਵਾਤਾਵਰਨ ਦੀ ਰਾਖੀ ’ਚ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ ਅਤੇ ਭਾਰਤ ਅੱਜ ਇਕਲੌਤਾ ਵੱਡਾ ਦੇਸ਼ ਹੈ ਜੋ ਪੈਰਿਸ ਸਮਝੌਤੇ ਦੇ ਵਾਤਾਵਰਨ ਟੀਚਿਆਂ ਦੀ ਪ੍ਰਾਪਤੀ ਲਈ ਸਹੀ ਮਾਰਗ ’ਤੇ ਚੱਲ ਰਿਹਾ ਹੈ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਇਸ ਸਮਾਗਮ ’ਚ ਹਾਜ਼ਰ ਸਨ।
-ਪੀਟੀਆਈ
ਮਮਤਾ ਨੂੰ ਸਮਾਗਮ ਲਈ ਨਹੀਂ ਮਿਲਿਆ ਸੱਦਾ: ਟੀਐੱਮਸੀ
ਕੋਲਕਾਤਾ: ਪੱਛਮੀ ਬੰਗਾਲ ਦੀ ਹਾਕਮ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ। ਸੂਬੇ ਦੇ ਮੰਤਰੀ ਦੇ ਟੀਐੱਮਸੀ ਆਗੂ ਬ੍ਰਾਤਿਆ ਬਾਸੂ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਈ ਗਲਤੀਆਂ ਕੀਤੀਆਂ ਹਨ। ਬਾਸੂ ਨੇ ਕਿਹਾ, ‘ਮਮਤਾ ਬੈਨਰਜੀ ਨੂੰ ਵਿਸ਼ਵ ਭਾਰਤੀ ਦੇ ਸ਼ਤਾਬਦੀ ਸਮਾਗਮਾਂ ਲਈ ਕੋਈ ਸੱਦਾ ਨਹੀਂ ਮਿਲਿਆ ਸੀ।’ ਉਨ੍ਹਾਂ ਕਿਹਾ, ‘ਜਿਵੇਂ ਕਿ ਤੁਸੀਂ ਕਹਿ ਰਹੇ ਹੋ ਉਸ ਅਨੁਸਾਰ ਜੇਕਰ ਲੰਘੀ ਰਾਤ ਨੂੰ ਵੀ ਸੱਦਾ ਭੇਜਿਆ ਗਿਆ ਸੀ ਤਾਂ ਕੀ ਇਹ ਸ਼ਿਸ਼ਟਾਚਾਰ ਸੀ? ਅਖੀਰ ਉਹ ਸੂਬੇ ਦੀ ਮੁੱਖ ਮੰਤਰੀ ਹੈ।’
-ਪੀਟੀਆਈ