ਭਦੋਹੀ (ਉਤਰ ਪ੍ਰਦੇਸ਼), 21 ਮਾਰਚ
ਲਖਨਊ ਦੀ ਇੱਕ ਅਦਾਲਤ ਨੇ 11 ਬੰਗਲਾਦੇਸ਼ੀ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਸਜ਼ਾ ਪੂਰੀ ਹੋਣ ਮਗਰੋਂ ਬੰਗਲਾਦੇਸ਼ ਪਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਦਿੱਲੀ ਵਿੱਚ ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਹਿੱਸਾ ਲੈ ਕੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਰਕਾਰ ਦੀ ਕਾਲੀ ਸੂਚੀ ਵਿੱਚ ਪਾ ਦਿੱਤਾ ਸੀ। ਐੱਸਪੀ ਰਾਮ ਬਦਨ ਸਿੰਘ ਨੇ ਅੱਜ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਦੀ ਇੱਕ ਟੀਮ ਨਾਲ ਸ਼ਨਿੱਚਰਵਾਰ ਨੂੰ ਭਦੋਹੀ ਤੋਂ ਪੱਛਮੀ ਬੰਗਾਲ ਲਈ ਰਵਾਨਾ ਕੀਤਾ ਗਿਆ, ਜਿੱਥੋਂ ਉਹ ਕੋਲਕਾਤਾ ਤੇ 24 ਪਰਗਨਾ ਜ਼ਿਲ੍ਹਿਆਂ ਰਾਹੀਂ ਬੰਗਲਾਦੇਸ਼ ਜਾਣਗੇ। ਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੇ ਦਿੱਲੀ ਵਿੱਚ ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਹਿੱਸਾ ਲਿਆ ਸੀ ਅਤੇ ਪਿਛਲੇ ਸਾਲ 31 ਮਾਰਚ ਨੂੰ 11 ਜਣਿਆਂ ਨੂੰ ਕਾਜੀਪੁਰ ਵਿੱਚ ਇੱਕ ਨਿੱਜੀ ਗੈਸਟ ਹਾਊਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ