ਕੋਲਕਾਤਾ, 11 ਜਨਵਰੀ
ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੂੰ ਗੰਗਾਸਾਗਰ ਮੇਲੇ ਦੌਰਾਨ ਕਰੋਨਾ ਨਿਯਮਾਂ ਦੀ ਨਿਗਰਾਨੀ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਵਿੱਚੋਂ ਹਟਾ ਦਿੱਤਾ ਹੈ। ਇਹ ਮੇਲਾ ਸਾਗਰ ਟਾਪੂ ਵਿੱਚ ਚੱਲ ਰਿਹਾ ਹੈ। ਸੂਬੇ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਆਗੂ ਅਧਿਕਾਰੀ ਨੂੰ ਕਮੇਟੀ ਵਿੱਚ ਸ਼ਾਮਲ ਕਰਨ ’ਤੇ ਇਤਰਾਜ਼ ਜਤਾਇਆ ਸੀ। ਚੀਫ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਅਤੇ ਜਸਟਿਸ ਕੇਸੌਂਗ ਡੋਮਾ ਭੂਟੀਆ ਦੇ ਡਿਵੀਜ਼ਨ ਬੈਂਚ ਨੇ ਹੁਣ ਮੁੜ ਦੋ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਸਾਬਕਾ ਜਸਟਿਸ ਸਮਾਪਤੀ ਚੈਟਰਜੀ ਅਤੇ ਪੱਛਮੀ ਬੰਗਾਲ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਨੂੰ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ। ਇਹ ਮੇਲਾ 8 ਤੋਂ 16 ਜਨਵਰੀ ਤੱਕ ਚੱਲਣਾ ਹੈ। ਬੈਂਚ ਨੇ ਇਸ ਤੋਂ ਪਹਿਲਾਂ ਸ਼ਰਧਾਲੂਆਂ ਦੇ ਇਕੱਠ ਨੂੰ ਇਜਾਜ਼ਤ ਦਿੰਦਿਆਂ ਨਿਰਦੇਸ਼ ਦਿੱਤਾ ਸੀ ਕਿ ਪੂਰੇ ਸਾਗਰ ਟਾਪੂ ਨੂੰ ਨੋਟੀਫਾਈ ਖੇਤਰ ਐਲਾਨਿਆ ਜਾਵੇ। ਬੈਂਚ ਨੇ ਇਹ ਵੀ ਹਦਾਇਤ ਕੀਤੀ ਸੀ ਕਿ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਮੁਕੰਮਲ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ ਅਤੇ ਉਨ੍ਹਾਂ ਕੋਲ ਪਿਛਲੇ 72 ਘੰਟਿਆਂ ਦੀ ਕਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ। -ਪੀਟੀਆਈ