ਨਵੀਂ ਦਿੱਲੀ, 22 ਸਤੰਬਰ
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਟਿਕਾਊ ਵਿਕਾਸ ਤੇ ਛੋਟੇ ਸ਼ਹਿਰਾਂ ਵਿਚ ਨੌਕਰੀਆਂ ਪੈਦਾ ਕਰਨ ਲਈ ਬੁਨਿਆਦੀ ਢਾਂਚੇ, ਸਿੱਖਿਆ ਤੇ ਡਿਜੀਟਲ ਆਰਥਿਕਤਾ ਨੂੰ ਵੱਡੇ ਪੱਧਰ ਉਤੇ ਹੁਲਾਰਾ ਦੇਣ ਦੀ ਲੋੜ ਹੈ। ਦਾਸ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਮਹਾਮਾਰੀ ਤੋਂ ਉੱਭਰ ਰਹੇ ਹਾਂ, ਸਾਡੇ ਅੱਗੇ ਸੰਕਟ ਵੱਲੋਂ ਪਿੱਛੇ ਛੱਡੀਆਂ ਸਮੱਸਿਆਵਾਂ ਨਾਲ ਨਜਿੱਠਣ ਦੀ ਚੁਣੌਤੀ ਹੈ। ਇਸ ਤੋਂ ਇਲਾਵਾ ਮਜ਼ਬੂਤ ਤੇ ਟਿਕਾਊ ਵਿਕਾਸ ਲਈ ਸਥਿਤੀਆਂ ਪੈਦਾ ਕਰਨੀਆਂ ਪੈਣਗੀਆਂ। 48ਵੀਂ ਏਆਈਐਮਏ ਕੌਮੀ ਕਨਵੈਨਸ਼ਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਆਰਬੀਆਈ ਗਵਰਨਰ ਨੇ ਕਿਹਾ ਕਿ ਟਿਕਾਊ ਵਿਕਾਸ ਦਰਮਿਆਨੇ ਸਮੇਂ ਦੇ ਨਿਵੇਸ਼, ਮਜ਼ਬੂਤ ਵਿੱਤੀ ਢਾਂਚੇ ਤੇ ਢਾਂਚਾਗਤ ਸੁਧਾਰਾਂ ਵਿਚੋਂ ਨਿਕਲੇਗਾ। ਇਸ ਲਈ ਸਿਹਤ ਸੰਭਾਲ, ਸਿੱਖਿਆ ਤੇ ਹੋਰ ਖੇਤਰਾਂ ਵਿਚ ਨਿਵੇਸ਼ ਕਰਨਾ ਜ਼ਰੂਰੀ ਹੋਵੇਗਾ। ਮੁਕਾਬਲਾ ਬਣਾਈ ਰੱਖਣ ਲਈ ਕਿਰਤ ਸੁਧਾਰ ਜਾਰੀ ਰੱਖਣੇ ਪੈਣਗੇ। ਮਹਾਮਾਰੀ ਨਾਲ ਪੈਦਾ ਹੋਏ ਮੌਕਿਆਂ ਨੂੰ ਵੀ ਸਾਂਭਣਾ ਪਏਗਾ।
ਦਾਸ ਨੇ ਕਿਹਾ ਕਿ ਇਸ ਤੋਂ ਇਲਾਵਾ ਵੇਅਰਹਾਊਸ ਤੇ ਸਪਲਾਈ ਲੜੀਆਂ ਦਾ ਢਾਂਚਾ ਵੀ ਉਸਾਰਨਾ ਪਏਗਾ ਜੋ ਕਿ ਖੇਤੀਬਾੜੀ ਤੇ ਬਾਗਬਾਨੀ ਖੇਤਰ ਲਈ ਮਹੱਤਵਪੂਰਨ ਹੈ। ਇਸ ਨਾਲ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ ਤੇ ਅਰਥਵਿਵਸਥਾ ਉੱਭਰੇਗੀ। ਦਾਸ ਨੇ ਕਿਹਾ ਕਿ ਮਹਾਮਾਰੀ ਨੇ ਉੱਭਰ ਰਹੇ ਤੇ ਵਿਕਾਸਸ਼ੀਲ ਦੇਸ਼ਾਂ ਵਿਚ ਗਰੀਬਾਂ ਤੇ ਹੋਰ ਪੱਛੜੇ ਵਰਗਾਂ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਦਾਸ ਨੇ ਕਿਹਾ ਕਿ ਖ਼ਪਤ ਵਧਾਉਣ ਦੀ ਲੋੜ ਹੈ ਤੇ ਇਸ ਨਾਲ ਹੀ ਮੰਗ ਵਧੇਗੀ। ਆਰਬੀਆਈ ਗਵਰਨਰ ਨੇ ਨਾਲ ਹੀ ਕਿਹਾ ਕਿ ਡਿਜੀਟਲ ਖੱਪੇ ਨੂੰ ਵੀ ਪੂਰਨ ਦੀ ਲੋੜ ਹੈ ਕਿਉਂਕਿ ਮਹਾਮਾਰੀ ਮਗਰੋਂ ਇਸ ਖੇਤਰ ਦੀ ਵਰਤੋਂ ਵਧੀ ਹੈ। ਪ੍ਰਭਾਵੀ ਊਰਜਾ ਢਾਂਚਾ, ਮਜ਼ਬੂਤ ਬੁਨਿਆਦੀ ਢਾਂਚਾ ਤੇ ਵਾਤਾਵਰਨ ਪੱਖੀ ਵਿਕਾਸ ਸਮੇਂ ਦੀ ਲੋੜ ਹੈ। ਦਾਸ ਨੇ ਕਿਹਾ ਕਿ ਈ-ਕਾਮਰਸ ਖੇਤਰ ਵਿਚ ਵੀ ਭਾਰਤ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਫਾਰਮਾ ਸੈਕਟਰ ਵਿਚਲੇ ਮੌਕਿਆਂ ਦਾ ਵੀ ਜ਼ਿਕਰ ਕੀਤਾ। -ਪੀਟੀਆਈ