ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੂੰ ਗਾਜ਼ੀਪੁਰ ਬਾਜ਼ਾਰ ਵਿਚ ਧਮਾਕਾਖੇਜ਼ ਸਮੱਗਰੀ ਦਾ ਭਰਿਆ ਬੈਗ ਮਿਲਣ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਸ਼ੱਕ ਹੈ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੂਰਬੀ ਦਿੱਲੀ ਦੇ ਗਾਜ਼ੀਪੁਰ ਖੇਤਰ ’ਚੋਂ ਮਿਲੀ 1.5 ਕਿੱਲੋ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਜ਼ ਇੰਟੈਲੀਜੈਂਸ (ਆਈਐੱਸਆਈ) ਦੀ ਸ਼ਮੂਲੀਅਤ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਸ਼ੁੱਕਰਵਾਰ ਨੂੰ ਗਾਜ਼ੀਪੁਰ ਫੁੱਲ ਮਾਰਕੀਟ ਵਿਚ ਇਕ ਲਾਵਾਰਿਸ ਬੈਗ ’ਚੋਂ ਲਗਪਗ 1.5 ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਸੀ। ਇਸ ਧਮਾਕਾਖੇਜ਼ ਸਮੱਗਰੀ ਵਿੱਚ ਆਰਡੀਐਕਸ ਦੀ ਵਰਤੋਂ ਹੋਣ ਕਰ ਕੇ ਸਪੈਸ਼ਲ ਸੈੱਲ ਨੂੰ ਇਸ ਪਿੱਛੇ ਆਈਐੱਸਆਈ ਦਾ ਹੱਥ ਹੋਣ ਦਾ ਹੈ।
ਸੂਤਰਾਂ ਅਨੁਸਾਰ ਆਈਐੱਸਆਈ ਨੇ ਗਾਜ਼ੀਪੁਰ ਮਾਰਕੀਟ ਵਿੱਚ ਇਹ ਧਮਾਕਾਖੇਜ਼ ਸਮੱਗਰੀ ਰੱਖਣ ਲਈ ਆਪਣੇ ਸਲੀਪਰ ਸੈੱਲਾਂ ਦੀ ਵਰਤੋਂ ਕੀਤੀ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਦਿੱਲੀ-ਐੱਨਸੀਆਰ ਵਿਚ ਕੁਝ ਥਾਵਾਂ ’ਤੇ ਛਾਪੇ ਮਾਰੇ ਹਨ ਪਰ ਅਜੇ ਤੱਕ ਕੋਈ ਖਾਸ ਸੁਰਾਗ ਹੱਥ ਨਹੀਂ ਲੱਗਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਵੀ ਕੋਈ ਵੱਡਾ ਸੁਰਾਗ ਨਹੀਂ ਮਿਲਿਆ। ਉੱਤਰ ਪ੍ਰਦੇਸ਼ ਦੀ ਹੱਦ ਗਾਜ਼ੀਪੁਰ ਫੁੱਲ ਮੰਡੀ ਦੇ ਬਿਲਕੁਲ ਨੇੜੇ ਹੋਣ ਕਰ ਕੇ ਵਿਸ਼ੇਸ਼ ਟੀਮ ਗਾਜ਼ੀਆਬਾਦ ਅਤੇ ਦਿੱਲੀ ਨੇੜਲੇ ਇਲਾਕਿਆਂ ਵਿੱਚ ਜਾਂਚ ਕਰ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਗਾਜ਼ੀਪੁਰ ਵਿੱਚ ਮਿਲੀ ਧਮਾਕਾਖੇਜ਼ ਸਮੱਗਰੀ ਪੰਜਾਬ ਤੋਂ ਆਈ ਸੀ, ਜਿੱਥੇ ਪਾਕਿਸਤਾਨ ਡਰੋਨ ਰਾਹੀਂ ਵਿਸਫੋਟਕ ਸਮੱਗਰੀ ਸੁੱਟਦਾ ਰਹਿੰਦਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਸਰਹੱਦ ਪਾਰ ਤੋਂ ਪੰਜਾਬ ਵਿੱਚ ਸੁੱਟੀ ਗਈ ਧਮਾਕਾਖੇਜ਼ ਸਮੱਗਰੀ ਹੀ ਸ਼ਾਇਦ ਗਾਜ਼ੀਪੁਰ ਤੱਕ ਪਹੁੰਚੀ ਹੋਵੇਗੀ।