ਮੁੰਬਈ, 6 ਜੁਲਾਈ
ਪਾਰਟੀ ਨਾਲ ਸਬੰਧਤ 12 ਵਿਧਾਇਕਾਂ ਨੂੰ ਕਥਿਤ ਬਦਸਲੂਕੀ ਦੇ ਦੋਸ਼ਾਂ ਕਰਕੇ ਪੂਰੇ ਇਕ ਸਾਲ ਲਈ ਅਸੈਂਬਲੀ ’ਚੋਂ ਮੁਅੱਤਲ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਮਹਾਰਾਸ਼ਟਰ ਅਸੈਂਬਲੀ ’ਚ ਮੁੱਖ ਵਿਰੋਧੀ ਧਿਰ ਭਾਜਪਾ ਨੇ ਅੱਜ ਅਸੈਂਬਲੀ ਅਹਾਤੇ ਵਿੱਚ ਸੂਬਾ ਸਰਕਾਰ ਦੇ ‘ਬਰਾਬਰ ਇਜਲਾਸ’ ਚਲਾਇਆ। ਭਾਜਪਾ ਵਿਧਾਇਕਾਂ ਨੇ ਲਾਊਡ ਸਪੀਕਰਾਂ ’ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਭਾਜਪਾ ਦੀ ਇਸ ਕਾਰਵਾਈ ’ਤੇ ਉਜਰ ਜਤਾਇਆ ਹੈ। ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪ੍ਰਿਥਵੀਰਾਜ ਚੌਹਾਨ ‘ਬਰਾਬਰ ਇਜਲਾਸ’ ਦਾ ਸਿੱਧਾ ਪ੍ਰਸਾਰਣ ਕੀਤੇ ਜਾਣ ਨੂੰ ਪਵਿੱਤਰ ਸਦਨ ਦਾ ਨਿਰਾਦਰ ਕਰਾਰ ਦਿੱਤਾ ਹੈ। ਉਧਰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਨੇ ਕਰੋਨਾ ਪਾਬੰਦੀਆਂ ਦੇ ਬਾਵਜੂਦ ਕੁਝ ਸਾਬਕਾ ਵਿਧਾਇਕਾਂ ਦੇ ਵਿਧਾਨ ਭਵਨ ਅਹਾਤੇ ’ਚ ਦਾਖ਼ਲ ਹੋਣ ’ਤੇ ਇਤਰਾਜ਼ ਜਤਾਉਂਦਿਆਂ ਇਸ ਪੂਰੇ ਮਾਮਲੇ ਦੀ ਰਿਪੋਰਟ ਤਲਬ ਕੀਤੇ ਜਾਣ ਦੀ ਮੰਗ ਕੀਤੀ ਹੈ। ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ 12 ਭਾਜਪਾ ਵਿਧਾਇਕਾਂ ’ਤੇ ਸਪੀਕਰ ਦੇ ਚੈਂਬਰ ਵਿੱਚ ਪ੍ਰੀਜ਼ਾਈਡਿੰਗ ਅਧਿਕਾਰੀ ਭਾਸਕਰ ਜਾਧਵ ਨਾਲ ਕਥਿਤ ‘ਬਦਸਲੂਕੀ’ ਕਰਨ ਦੇ ਦੋੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਕਿ ਜਾਧਵ ਵੱਲੋਂ ਘੜੀ ਕਹਾਣੀ ‘ਇਕਤਰਫ਼ਾ’ ਹੈ। ਫੜਨਵੀਸ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੁਅੱਤਲੀ ਦੇ ਰੋਸ ਵਜੋਂ ਵਿਧਾਨ ਸਭਾ ਦੀ ਇਮਾਰਤ ’ਚ ‘ਬਰਾਬਰ ਇਜਲਾਸ’ ਚਲਾਇਆ। ਫੜਨਵੀਸ ਨੇ ਭਾਜਪਾ ਵਿਧਾਇਕ ਕਾਲੀਦਾਸ ਕੋਲਾਮਕਰ ਨੂੰ ‘ਬਰਾਬਰ ਚੱਲ ਰਹੇ ਸਦਨ ਦਾ ਸਪੀਕਰ’ ਐਲਾਨਦਿਆਂ ਚਰਚਾ ਕੀਤੇ ਜਾਣ ਦੀ ਤਜਵੀਜ਼ ਰੱਖੀ। ਸਾਬਕਾ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 12 ਭਾਜਪਾ ਵਿਧਾਇਕਾਂ ਨੂੰ ਝੂਠੇ ਦੋਸ਼ਾਂ ਦੇ ਆਧਾਰ ’ਤੇ ਮੁਅੱਤਲ ਕੀਤਾ ਗਿਆ ਹੈ। ਫੜਨਵੀਸ ਨੇ ਕਿਹਾ, ‘ਅੱਜ ਮੈਂ ਸਰਕਾਰ ਖ਼ਿਲਾਫ਼ ਮਤਾ ਲਿਆਉਣ ਦੀ ਤਜਵੀਜ਼ ਰੱਖਦਾ ਹਾਂ ਤੇ ਮੈਂ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਤਜਵੀਜ਼ ’ਤੇ ਵਿਚਾਰ ਚਰਚਾ ਕਰਨ।’’
ਉਧਰ ਅਸੈਂਬਲੀ ਦੇ ਅੰਦਰ ਐੱਨਸੀਪੀ ਆਗੂ ਤੇ ਘੱਟਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਭਾਸਕਰ ਜਾਧਵ ਨੂੰ ਸੋਸ਼ਲ ਮੀਡੀਆ ’ਤੇ ਲਗਾਤਾਰ ਧਮਕਾਇਆ ਜਾ ਰਿਹਾ ਹੈ। ਲਿਹਾਜ਼ਾ ਜਾਧਵ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਮਲਿਕ ਨੇ ਸਾਬਕਾ ਵਿਧਾਇਕ ਰਾਜ ਪੁਰੋਹਿਤ ਵੱਲੋਂ ਵਿਧਾਨ ਸਭਾ ਅਹਾਤੇ ਵਿੱਚ ਸਿਆਸੀ ਟਿੱਪਣੀਆਂ ਕੀਤੇ ਜਾਣ ਤੇ ਦਸਤਾਵੇਜ਼ ਵੰਡਣ ’ਤੇ ਉਜਰ ਜਤਾਇਆ। ਸ਼ਿਵ ਸੈਨਾ ਦੇ ਵਿਧਾਇਕ ਸੁਨੀਲ ਪ੍ਰਭੂ ਨੇ ਪੁੱਛਿਆ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਚੇਅਰ ਦੀ ਪ੍ਰਵਾਨਗੀ ਤੋਂ ਬਗੈਰ ਲਾਊਡ ਸਪੀਕਰ ਕਿਵੇਂ ਮੁਹੱਈਆ ਕੀਤੇ ਗਏ। ਡਿਪਟੀ ਸਪੀਕਰ ਨਰਹਰੀ ਜ਼ੀਰਵਾਲ ਨੇ ਕਿਹਾ ਕਿ ਉਨ੍ਹਾਂ ਸਦਨ ਦੇ ਬਾਹਰ ਲਾਊਡ ਸਪੀਕਰਾਂ ਦੀ ਵਰਤੋਂ ਸਬੰਧੀ ਕੋਈ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਸਬੰਧਤ ਸੁਰੱਖਿਆ ਕਰਮੀਆਂ ਤੋਂ ਪੁੱਛ ਪੜਤਾਲ ਦੇ ਹੁਕਮ ਦਿੱਤੇ। ਸੂਬੇ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਕਿਹਾ ਕਿ ਜਾਧਵ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕੀਤੀ ਜਾਵੇਗੀ। -ਪੀਟੀਆਈ
ਅਰਨਬ ਗੋਸਵਾਮੀ ਤੇ ਕੰਗਨਾ ਰਣੌਤ ਖ਼ਿਲਾਫ਼ ਨੋਟਿਸ: ਮਰਿਆਦਾ ਕਮੇਟੀ ਨੂੰ ਹੋਰ ਸਮਾਂ ਮਿਲਿਆ
ਮੁੰਬਈ: ਮਹਾਰਾਸ਼ਟਰ ਅਸੈਂਬਲੀ ਨੇ ਪੱਤਰਕਾਰ ਅਰਨਬ ਗੋਸਵਾਮੀ ਤੇ ਅਦਾਕਾਰ ਕੰਗਨਾ ਰਣੌਤ ਖ਼ਿਲਾਫ਼ ਜਾਰੀ ਮਰਿਆਦਾ ਨੋਟਿਸਾਂ ਦੀ ਉਲੰਘਣਾ ਸਬੰਧੀ ਮਰਿਆਦਾ ਕਮੇਟੀਆਂ ਨੂੰ ਆਪਣੀ ਰਿਪੋਰਟ ਦਾਖ਼ਲ ਕਰਨ ਲਈ ਦਿੱਤਾ ਸਮਾਂ ਵਧਾ ਦਿੱਤਾ ਹੈ। ਇਨ੍ਹਾਂ ਕਮੇਟੀਆਂ ਨੂੰ ਹੁਣ ਅਗਲੇ ਅਸੈਂਬਲੀ ਇਜਲਾਸ ਦੇ ਆਖਰੀ ਦਿਨ ਤੱਕ ਆਪਣੀ ਰਿਪੋਰਟ ਸੌਂਪਣੀ ਹੋਵੇਗੀ। -ਪੀਟੀਆਈ