ਹੈਦਰਾਬਾਦ, 25 ਅਗਸਤ
ਇਸਲਾਮ ਅਤੇ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਟੀ ਰਾਜਾ ਸਿੰਘ ਨੂੰ ਹੈਦਰਾਬਾਦ ਪੁਲੀਸ ਨੇ ਅੱਜ ਇਹਤਿਆਤੀ ਹਿਰਾਸਤ ਐਕਟ ਤਹਿਤ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ। ਰਾਜਾ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਹੈਦਾਰਾਬਾਦ ਵਿੱਚ ਵੱਡੀ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਪੁਲੀਸ ਨੇ ਕਿਹਾ ਕਿ ਮੁਅੱਤਲ ਭਾਜਪਾ ਵਿਧਾਇਕ ਨੂੰ ਇਹਤਿਆਤੀ ਹਿਰਾਸਤ ਐਕਟ 1986 ਤਹਿਤ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਲੰਘੇ ਮੰਗਲਵਾਰ ਨੂੰ ਇਸਲਾਮ ਤੇ ਪੈਗੰਬਰ ਮੁਹੰਮਦ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਉਸ ਦਿਨ ਬਾਅਦ ਵਿੱਚ ਇਕ ਸਥਾਨਕ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ ਕਿਉਂਕਿ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਦੇ ਹੋਏ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਸੀ ਕੀਤੀ।
ਮੰਗਲਹਾਟ ਪੁਲੀਸ ਥਾਣੇ ਵਿੱਚ ਰਾਜਾ ਸਿੰਘ ਖ਼ਿਲਾਫ਼ ਦਰਜ ਸ਼ਿਕਾਇਤ ਵਿੱਚ ਉਸ ਨੂੰ ਇਕ ਦੰਗਾਕਾਰੀ ਕਰਾਰ ਦਿੰਦੇ ਹੋਏ ਪੁਲੀਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਪਹਿਲਾਂ ਵੀ ਭੜਕਾਊ ਭਾਸ਼ਣ ਦਿੰਦਾ ਰਿਹਾ ਹੈ ਅਤੇ ਇਸ ਰਾਹੀਂ ਵੱਖ-ਵੱਖ ਭਾਈਚਾਰਿਆਂ ਵਿਚਾਲੇ ਪਾੜਾ ਪਾਉਣ ਦਾ ਕੰਮ ਕਰ ਰਿਹਾ ਹੈ। -ਪੀਟੀਆਈ
ਵਿਰੋਧ ਪ੍ਰਦਰਸ਼ਨ ਭਾਜਪਾ ਆਗੂ ਦੇ ਭਾਸ਼ਣ ਦਾ ਨਤੀਜਾ: ਓਵਾਇਸੀ
ਰਾਜਾ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਅੱਜ ਇਕ ਟਵੀਟ ਰਾਹੀਂ ਕਿਹਾ ਕਿ ਹੈਦਰਾਬਾਦ ਦੇ ਕੁਝ ਹਿੱਸਿਆਂ ਵਿੱਚ ਹੋਏ ਪ੍ਰਦਰਸ਼ਨ ਸਿੱਧੇ ਤੌਰ ’ਤੇ ਭਾਜਪਾ ਆਗੂ ਰਾਜਾ ਸਿੰਘ ਦੇ ਕਥਿਤ ਨਫ਼ਰਤੀ ਭਾਸ਼ਣ ਦਾ ਨਤੀਜਾ ਹਨ।
ਭੜਕਾਊ ਨਾਅਰਾ ਦੇਣ ਵਾਲਾ ਕਾਬੂ
ਹੈਦਰਾਬਾਦ: ਹੈਦਰਾਬਾਦ ਪੁਲੀਸ ਨੇ ‘ਸਰ ਤਨ ਸੇ ਜੁਦਾ’ ਦਾ ਨਾਅਰੇ ਦੇਣ ਵਾਲੇ ਸਈਦ ਅਬਦਾਹੂ ਕਾਸ਼ਫ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਸ਼ਫ ਨੇ ਇਹ ਨਾਅਰਾ ਭਾਜਪਾ ਦੇ ਮੁਅੱਤਲ ਵਿਧਾਇਕ ਟੀ. ਰਾਜਾ ਸਿੰਘ ਖ਼ਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਲਗਾਇਆ ਸੀ। ਜ਼ਿਕਰਯੋਗ ਹੈ ਕਿ ਰਾਜਾ ਸਿੰਘ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਸਾਈਬਰ ਕ੍ਰਾਈਮ ਪੁਲੀਸ ਨੇ ਕਾਸ਼ਫ ਨੂੰ ਗ੍ਰਿਫ਼ਤਾਰ ਕਰਦਿਆਂ ਕੇਸ ਦਰਜ ਕੀਤਾ ਹੈ। -ਆਈਏਐੱਨਐੱਸ