ਲਖਨਊ, 15 ਜੂਨ
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪਿਛਲੇ ਸਾਲ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਵਿਧਾਇਕਾਂ ਨੇ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਹੈ। ਇਨ੍ਹਾਂ ਦੇ ‘ਸਪਾ’ ਵਿਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਯੂਪੀ ਵਿਧਾਨ ਸਭਾ ਵਿਚ ‘ਬਸਪਾ’ ਦੇ ਡਿਪਟੀ ਆਗੂ ਉਮਾ ਸ਼ੰਕਰ ਸਿੰਘ ਨੇ ਵਿਧਾਇਕਾਂ ਨੂੰ ‘ਕੂੜਾ’ ਕਰਾਰ ਦਿੱਤਾ ਹੈ। ਅਖਿਲੇਸ਼ ਨਾਲ ਹੋਈ ਮੀਟਿੰਗ ਵਿਚ ਇਨ੍ਹਾਂ ਵਿਧਾਇਕਾਂ ਨੇ ਅਗਾਮੀ ਯੂਪੀ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕੀਤੀ। ਇਨ੍ਹਾਂ ਵਿਚੋਂ ਮੁੰਗਰਾ ਬਾਦਸ਼ਾਹਪੁਰ ਦੀ ਵਿਧਾਇਕ ਸੁਸ਼ਮਾ ਪਟੇਲ ਨੇ ਦੱਸਿਆ ਕਿ ‘ਉਨ੍ਹਾਂ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ।’ ਪਟੇਲ ਨੇ ਕਿਹਾ ਕਿ ਉਨ੍ਹਾਂ ਨੂੰ ਅਕਤੂਬਰ 2020 ਵਿਚ ਰਾਜ ਸਭਾ ਚੋਣਾਂ ਵੇਲੇ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਬਸਪਾ ਦਾ ਝੰਡਾ ਤੇ ਬੈਨਰ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕਿਸੇ ਵੀ ਪਾਰਟੀ ਬੈਠਕ ਵਿਚ ਵੀ ਸ਼ਾਮਲ ਨਾ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜ ਸਭਾ ਚੋਣਾਂ ਵੇਲੇ ਨਾ ਤਾਂ ਬਸਪਾ ਨੇ ਕੋਈ ਵਿਪ੍ਹ ਜਾਰੀ ਕੀਤਾ ਤੇ ਨਾ ਹੀ ਉਨ੍ਹਾਂ ਕਿਸੇ ਹੋਰ ਪਾਸੇ ਵੋਟ ਪਾਈ। ਵਿਧਾਇਕ ਨੇ ਕਿਹਾ ਕਿ ਬਿਨਾਂ ਕਿਸੇ ਅਧਾਰ ਮੁਅੱਤਲ ਕੀਤਾ ਗਿਆ ਹੈ। ਪਟੇਲ ਨੇ ਕਿਹਾ ਕਿ ਉਹ ਅਖਿਲੇਸ਼ ਯਾਦਵ ਨੂੰ ਮਿਲਣ ਗਏ ਸਨ ਤੇ ਮੁਅੱਤਲ ਕਰ ਦਿੱਤਾ ਗਿਆ। ਇਸ ਲਈ ਉਹ ਹੁਣ ਬਦਲ ਤਲਾਸ਼ ਰਹੇ ਹਨ। ਇਸੇ ਦੌਰਾਨ ਵਿਧਾਇਕ ਹਕੀਮਲਾਲ ਨੇ ਕਿਹਾ ਕਿ ‘ਸਪਾ’ ਮੁਖੀ ਨਾਲ ਵਿਧਾਇਕ ਮੁਹੰਮਦ ਅਸਲਮ ਰੈਨੀ, ਮੁਜਤਬਾ ਸਿੱਦੀਕੀ, ਹਰਗੋਵਿੰਦ ਭਾਰਗਵ ਤੇ ਸੁਸ਼ਮਾ ਪਟੇਲ ਨੇ ਮੁਲਾਕਾਤ ਕੀਤੀ ਹੈ। ਜਦਕਿ ਭਾਰਗਵ ਨੇ ਮਗਰੋਂ ਕਿਹਾ ਕਿ ਉਹ ਮੀਟਿੰਗ ਵਿਚ ਮੌਜੂਦ ਨਹੀਂ ਸਨ ਤੇ ਆਪਣੇ ਹਲਕੇ ਵਿਚ ਸਨ। ਰੈਨੀ ਨੇ ਕਿਹਾ ਕਿ ਉਹ ਬਸਪਾ ਮੁਖੀ ਮਾਇਆਵਤੀ ਨਾਲ ਨਾਰਾਜ਼ ਨਹੀਂ ਹਨ। ਉਨ੍ਹਾਂ ਪਾਰਟੀ ਆਗੂ ਐੱਸ.ਸੀ. ਮਿਸ਼ਰਾ ’ਤੇ ਗੰਭੀਰ ਦੋਸ਼ ਲਾਏ। -ਪੀਟੀਆਈ