ਮੋਰੀਗਾਉਂ, 29 ਜੁਲਾਈ
ਅਸਾਮ ਦੇ ਮੋਰੀਗਾਉਂ ਜ਼ਿਲ੍ਹੇ ਵਿੱਚ ਬੰਗਲਾਦੇਸ਼ੀ ਦਹਿਸ਼ਤੀ ਜਥੇਬੰਦੀ ਅੰਸਾਰੁਲ ਇਸਲਾਮ ਨਾਲ ਰਾਬਤਾ ਰੱਖਣ ਦੇ ਦੋਸ਼ ਹੇਠ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤੀ ਜਥੇਬੰਦੀ ਨਾਲ ਰਾਬਤਾ ਰੱਖਣ ਦੇ ਦੋਸ਼ ਹੇਠ ਇਸ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਮਦਰੱਸੇ ਦੇ ਅਧਿਆਪਕਾਂ ਸਣੇ ਅੱਠ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ। ਬਾਰਪੇਟਾ ਜ਼ਿਲ੍ਹਾ ਪੁਲੀਸ ਨੇ ਵੀ 27 ਅਤੇ 28 ਅਗਸਤ ਦੀ ਦਰਮਿਆਨੀ ਰਾਤ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਅੱਠ ਹੋਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਕਰਨ ਲਈ ਕੌਮੀ ਜਾਂਚ ਏਜੰਸੀ ਦੇ ਅਧਿਕਾਰੀ ਵੀ ਪੁੱਜ ਗਏ ਹਨ। ਬਾਰਪੇਟਾ ਦੀ ਅਦਾਲਤ ਨੇ ਅੱਜ ਅੱਠ ਮੁਲਜ਼ਮਾਂ ਨੂੰ ਨੌਂ ਰੋਜ਼ਾ ਪੁਲੀਸ ਰਿਮਾਂਡ ਜਦਕਿ ਮੋਰੀਗਾਉਂ ਜ਼ਿਲ੍ਹੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ 12 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। -ਪੀਟੀਆਈ