ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀ ਰੋਹਿਣੀ ਅਦਾਲਤ ਨੇ ਛਤਰਸਾਲ ਸਟੇਡੀਅਮ ਵਿੱਚ 23 ਸਾਲਾ ਸਾਗਰ ਰਾਣਾ ਦੇ ਕਤਲ ਕੇਸ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦਾ ਪੁਲੀਸ ਰਿਮਾਂਡ 4 ਦਿਨ ਲਈ ਵਧਾ ਦਿੱਤਾ ਹੈ। ਪੁਲੀਸ ਨੇ ਪਹਿਲੇ ਰਿਮਾਂਡ ਦੀ ਮਿਆਦ ਮੁੱਕਣ ’ਤੇ ਅੱਜ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ 7 ਦਿਨਾਂ ਲਈ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ। ਅਦਾਲਤ ਨੇ ਦਿੱਲੀ ਪੁਲੀਸ ਨੂੰ ਸੁਸ਼ੀਲ ਕੁਮਾਰ ਦੀ ਨਿਯਮਾਂ ਅਨੁਸਾਰ ਹਰ 24 ਘੰਟੇ ਅੰਦਰ ਮੈਡੀਕਲ ਜਾਂਚ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਸੁਸ਼ੀਲ ਕੁਮਾਰ ਦਾ ਵਕੀਲ ਉਸ ਨੂੰ 4 ਦਿਨਾਂ ਦੇ ਰਿਮਾਂਡ ਦੌਰਾਨ ਪੁਲੀਸ ਹਿਰਾਸਤ ਵਿਚ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਸੁਸ਼ੀਲ ਨੂੰ ਪਿਛਲੇ ਹਫਤੇ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਕ੍ਰਾਈਮ ਬ੍ਰਾਂਚ ਨੇ ਪਹਿਲਵਾਨ ਸਾਗਰ ਧਨਖੜ ਕਤਲ ਕੇਸ ’ਚ ਰੋਹਿਤ ਕਰੋਰੀਆ ਨਾਂ ਦੇ ਇੱਕ ਹੋਰ ਮੁਲਜ਼ਮ ਨੂੰ ਰੋਹਤਕ ਤੋਂ ਗ੍ਰਿਫ਼ਤਾਰ ਕੀਤਾ ਹੈ।