ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਉਜ਼ਬੇਕਿਸਤਾਨ ਵਿੱਚ 24 ਅਕਤੂਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਕੌਮਾਂਤਰੀ ਨਿਗਰਾਨ ਵਜੋਂ ਉਥੇ ਗਏ ਸਨ। ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਮੁੱਖ ਚੋਣ ਕਮਿਸ਼ਨਰ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਵਫ਼ਦ ਉਜ਼ਬੇਕਿਸਤਾਨ ਗਿਆ ਸੀ। ਇਸ ਫੇਰੀ ਦੌਰਾਨ ਚੰਦਰਾ ਨੇ 21 ਅਕਤੂਬਰ ਨੂੰ ਉਜ਼ਬੇਕਿਸਤਾਨ ਦੇ ਕੇਂਦਰੀ ਚੋਣ ਕਮਿਸ਼ਨ ਦੇ ਚੇਅਰਮੈਨ ਜ਼ੈਨੀਦਦੀਨ ਐੱਮ. ਨਿਜ਼ਾਮਖੋਦਾਜ਼ੇਵ ਨਾਲ ਇਲੈਕਟੋਰਲ ਸਹਿਯੋਗ ਬਾਰੇ ਮੀਟਿੰਗ ਕੀਤੀ ਸੀ। ਨਿਜ਼ਾਮਖੋਦਾਜ਼ੇਵ ਨੇ ਚੰਦਰਾ ਨੂੰ ਰਾਸ਼ਟਰਪਤੀ ਚੋਣਾਂ ਕਰਵਾਉਣ ਲਈ ਕੀਤੇ ਵੱਖ ਵੱਖ ਉਪਰਾਲਿਆਂ, ਜਿਵੇਂ ਇਕਹਿਰੀ ਇਲੈਕਟ੍ਰਾਨਿਕ ਵੋਟਰ ਲਿਸਟ, ਚੋਣ ਵਾਲੇ ਦਿਨ ਵੋਟਿੰਗ ਲਈ ਕੀਤੇ ਪ੍ਰਬੰਧਾਂ ਤੇ ਕੋਵਿਡ-19 ਸੁਰੱਖਿਆ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲਾਂ ਵੋਟਿੰਗ ਆਦਿ ਬਾਰੇ ਸੰਖੇਪ ਜਾਣਕਾਰੀ ਦਿੱਤੀ। ਚੰਦਰਾ ਨੇ ਚੋਣਾਂ ਸਬੰਧੀ ਸਹਿਯੋਗ ਨੂੰ ਐੱਮਓਯੂ ’ਤੇ ਦਸਤਖ਼ਤ ਕਰਕੇ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। -ਪੀਟੀਆਈ