ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਫਿਲਮ ਅਦਾਕਾਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਮਾਮਲੇ ’ਚ ਅੱਜ ਇੱਥੇ ਇੱਕ ਵਿਸ਼ੇਸ਼ ਅਦਾਲਤ ’ਚ ਦੋਸ਼ ਪੱਤਰ ਦਾਖਲ ਕੀਤਾ ਹੈ। ਨਸ਼ੀਲੇ ਪਦਾਰਥਾਂ ਦੀ ਵਰਤੋਂ ਰੋਕਣ ਸਬੰਧੀ ਐੱਨਡੀਪੀਐੱਸ ਕਾਨੂੰਨ ਤਹਿਤ ਗਠਿਤ ਵਿਸ਼ੇਸ਼ ਅਦਾਲਤ ’ਚ ਦਾਖਲ ਕੀਤੇ ਗਏ 11,700 ਤੋਂ ਵੱਧ ਸਫ਼ਿਆਂ ਦੇ ਦੋਸ਼ ਪੱਤਰ ’ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ, ਇਕੱਠੇ ਕੀਤੇ ਗਏ ਸਬੂਤਾਂ ਅਤੇ ਹੁਣ ਤੱਕ ਹੋਈ ਜਾਂਚ ਬਾਰੇ ਵੇਰਵੇ ਦਿੱਤੇ ਗਏ ਹਨ। ਦੋਸ਼ ਪੱਤਰ ’ਚ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਸਮੇਤ 33 ਜਣਿਆਂ ਦੇ ਨਾਂ ਹਨ। ਐੱਨਸੀਬੀ ਨੇ ਕਿਹਾ ਕਿ ਸਾਰੇ ਮੁਲਜ਼ਮਾਂ ’ਚੋਂ ਅੱਠ ਨਿਆਂਇਕ ਹਿਰਾਸਤ ’ਚ ਹਨ ਜਦਕਿ ਰੀਆ ਅਤੇ ਸ਼ੌਵਿਕ ਸਮੇਤ ਬਾਕੀ ਲੋਕਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। -ਪੀਟੀਆਈ