ਨਵੀਂ ਦਿੱਲੀ, 11 ਅਗਸਤ
ਸੁਪਰੀਮ ਕੋਰਟ ਨੇ ਅਦਾਕਾਰ ਸੁਸ਼ਾਂਤ ਰਾਜਪੂਤ ਮੌਤ ਮਾਮਲੇ ਵਿੱਚ ਪਟਨਾ ਵਿੱਚ ਦਰਜ ਕੇਸ ਮੁੰਬਈ ਵਿੱਚ ਤਬਦੀਲ ਕਰਨ ਵਾਲੀ ਅਭਿਨੇਤਰੀ ਰੀਆ ਚੱਕਰਬਰਤੀ ਦੀ ਪਟੀਸ਼ਨ ਉਪਰ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਪਟਨਾ ਵਿੱਚ ਕੇਸ ਮਰਹੂਮ ਅਦਾਕਾਰ ਦੇ ਪਿਤਾ ਨੇ ਦਰਜ ਕਰਵਾਇਆ ਸੀ ਤੇ ਰੀਆ ਨੇ ਇਸ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ।
ਸੁਸ਼ਾਂਤ ਰਾਜਪੂਤ ਦੀ ਭੈਣ ਤੋਂ ਈਡੀ ਵੱਲੋਂ ਪੁੱਛ-ਪੜਤਾਲ
ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਅਤੇ ਰੂਮਮੇਟ ਸਿਧਾਰਥ ਪਿਠਾਨੀ, ਬਿਜ਼ਨਸ ਮੈਨੇਜਰ ਸ਼ਰੂਤੀ ਮੋਦੀ ਅਤੇ ਵੱਡੀ ਭੈਣ ਮੀਤੂ ਸਿੰਘ ਤੋਂ ਪੁੱਛ-ਪੜਤਾਲ ਕੀਤੀ। ਇਹ ਜਾਂਚ ਅਦਾਕਾਰ ਦੀ ਮੌਤ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਠਾਨੀ ਅਤੇ ਮੋਦੀ ਸਵੇਰੇ 11 ਵਜੇ ਈਡੀ ਦਫ਼ਤਰ ਪਹੁੰਚੇ। ਮੀਤੂ ਸਿੰਘ ਬਾਅਦ ਦੁਪਹਿਰ 1 ਵਜੇ ਈਡੀ ਦਫਤਰ ਪਹੁੰਚੀ। ਮੀਤੂ ਸਿੰਘ ਮੁੰਬਈ ਪੁਲੀਸ ਦੀਆਂ ਮਹਿਲਾ ਅਧਿਕਾਰੀਆਂ ਦੀ ਸੁਰੱਖਿਆ ਹੇਠ ਈਡੀ ਦਫ਼ਤਰ ਪਹੁੰਚੀ। ਇਹ ਪਹਿਲਾ ਮੌਕਾ ਹੈ ਜਦੋਂ ਰਾਜਪੂਤ ਦੇ ਪਰਿਵਾਰ ਵਿਚੋਂ ਕੋਈ ਈਡੀ ਸਾਹਮਣੇ ਪੇਸ਼ ਹੋ ਰਿਹਾ ਹੈ। ਰਾਜਪੂਤ ਦੀਆਂ ਚਾਰ ਭੈਣਾਂ ਹਨ। ਏਜੰਸੀ ਨੇ ਸੋਮਵਾਰ ਨੂੰ ਪਿਠਾਨੀ ਅਤੇ ਮੋਦੀ ਤੋਂ ਵੀ ਪੁੱਛ-ਪੜਤਾਲ ਕੀਤੀ ਅਤੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ।