ਨਵੀਂ ਦਿੱਲੀ, 17 ਸਤੰਬਰ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੇਤਭਰੀ ਮੌਤ ਦੀ ਜਾਂਚ ਲਈ ਮੁੰਬਈ ਗਈ ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਕਰੀਬ ਇਕ ਮਹੀਨੇ ਬਾਅਦ ਦਿੱਲੀ ਪਰਤੀ ਹੈ। ਇਸ ਵਿਸ਼ੇਸ਼ ਜਾਂਚ ਟੀਮ ਵੱਲੋਂ ਅਗਲੇ ਹਫ਼ਤੇ ਆਲ ਇੰਡੀਆ ਮੈਡੀਕਲ ਵਿਗਿਆਨ ਸੰਸਥਾ (ਏਮਸ) ਦੀ ਫੋਰੈਂਸਿਕ ਟੀਮ ਨਾਲ ਮੀਟਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ।
ਸੀਬੀਆਈ ਦੇ ਸੂਤਰਾਂ ਅਨੁਸਾਰ, ਵਿਸ਼ੇਸ਼ ਜਾਂਚ ਟੀਮ ਬੁੱਧਵਾਰ ਨੂੰ ਦਿੱਲੀ ਪਰਤ ਆਈ ਹੈ ਅਤੇ ਐਤਵਾਰ ਨੂੰ ਏਮਸ ਦੀ ਫੋਰੈਂਸਿਕ ਟੀਮ ਨਾਲ ਇਕ ਮੀਟਿੰਗ ਕਰੇਗੀ ਅਤੇ ਅਗਲੇ ਹਫ਼ਤੇ ਵਿੱਚ ਇਸ ਕੇਸ ’ਚ ਕਾਨੂੰਨੀ ਮੈਡੀਕਲ ਸਲਾਹ ਵੀ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਮਰਹੂਮ ਅਦਾਕਾਰ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਸਬੰਧੀ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਜਾਂਚ ਟੀਮ 20 ਅਗਸਤ ਨੂੰ ਏਮਸ ਦੀ ਫੋਰੈਂਸਿਕ ਟੀਮ ਨਾਲ ਮੁੰਬਈ ਗਈ ਸੀ। ਮੁੰਬਈ ਵਿੱਚ ਸੀਬੀਆਈ ਟੀਮ ਦੇ ਹੁੰਦੇ ਹੋਏ ਏਮਸ ਦੀ ਫੋਰੈਂਸਿਕ ਟੀਮ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟ ਦਾ ਦੌਰਾ ਵੀ ਕੀਤਾ ਗਿਆ ਸੀ ਅਤੇ ਅਦਾਕਾਰ ਦੀ ਭੈਣ ਮੀਤੂ, ਪਿਥਾਨੀ ਤੇ ਨਿੱਜੀ ਸਟਾਫ਼ ਨਾਲ ਅਪਰਾਧਿਕ ਸੀਨ ਮੁੜ ਤਿਆਰ ਕੀਤਾ ਗਿਆ ਸੀ। ਕੂਪਰ ਹਸਪਤਾਲ ਵੱਲੋਂ ਤਿਆਰ ਕੀਤੀ ਗਈ ਅਦਾਕਾਰ ਦੀ ਪੋਸਟਮਾਰਟਮ ਰਿਪੋਰਟ ਦੀ ਸਮੀਖਿਆ ਕਰਨ ਅਤੇ ਮੁੜ ਅਪਰਾਧ ਵਾਲਾ ਸੀਨ ਤਿਆਰ ਕਰਨ ਵਿੱਚ ਪਿਛਲੇ ਮਹੀਨੇ ਸੀਬੀਆਈ ਨੇ ਏਮਸ ਦੇ ਫੋਰੈਂਸਿਕ ਵਿਭਾਗ ਤੋਂ ਸਹਿਯੋਗ ਮੰਗਿਆ ਸੀ। ਇਸ ’ਤੇ ਏਮਸ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਸੁਧੀਰ ਗੁਪਤਾ ਨੇ ਸੀਬੀਆਈ ਨੂੰ ਸਹਿਯੋਗ ਕਰਨ ਲਈ ਇਕ ਮੈਡੀਕਲ ਟੀਮ ਗਠਿਤ ਕੀਤੀ ਸੀ। ਏਮਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਊਹ ਕੇਸ ਦਾ ਅਧਿਐਨ ਕਰ ਰਹੇ ਹਨ। ਏਮਸ ਦੇ ਫੋਰੈਂਸਿਕ ਵਿਭਾਗ ਦੇ ਮੈਡੀਕਲ ਬੋਰਡ ਦੀ ਰਾਇ ਸੀਬੀਆਈ ਨੂੰ ਦੇ ਦਿੱਤੀ ਜਾਵੇਗੀ ਅਤੇ ਆਸ ਹੈ ਕਿ ਇਸ ਵਿੱਚ ਕੁੱਲ ਫੈਸਲਾਕੁਨ ਰਿਪੋਰਟ ਹੋਵੇਗੀ। -ਆਈਏਐੱਨਐੱਸ
ਆਰਜੇਡੀ ਵਿਧਾਇਕ ਦੇ ਬਿਆਨ ਤੋਂ ਵਿਵਾਦ
ਪਟਨਾ: ‘‘ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਹੀਂ ਸੀ, ਕਿਊਂਕਿ ਰਾਜਪੂਤ ਮਹਾਰਾਣਾ ਪ੍ਰਤਾਪ ਦੇ ਕੁਨਬੇ ਨਾਲ ਸਬੰਧ ਰੱਖਦੇ ਹਨ ਅਤੇ ਊਨ੍ਹਾਂ ਦੇ ਵੰਸ਼ਜ ਕਦੇ ਖ਼ੁਦਕੁਸ਼ੀ ਕਰ ਕੇ ਨਹੀਂ ਮਰਦੇ।’’ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਅਰੁਣ ਯਾਦਵ ਵੱਲੋਂ ਦਿੱਤੇ ਗਏ ਇਸ ਬਿਆਨ ਨਾਲ ਵਿਵਾਦ ਪੈਦਾ ਹੋ ਗਿਆ ਹੈ। ਜਨਤਾ ਦਲ (ਯੂਨਾਈਟਿਡ) ਤੇ ਭਾਜਪਾ ਨੇ ਵਿਧਾਇਕ ਅਰੁਣ ਯਾਦਵ ਦੀ ਆਲੋਚਨਾ ਕਰਦਿਆਂ ਇਸ ਜਾਤੀਵਾਦੀ ਬਿਆਨ ਲਈ ਬਿਹਾਰ ਦੇ ਲੋਕਾਂ ਅਤੇ ਰਾਜਪੂਤ ਦੇ ਚਾਹੁਣ ਵਾਲਿਆਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। -ਪੀਟੀਆਈ