ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਾਥੀ ਗੈਂਗਸਟਰ ਪਰਵੇਜ਼ ਖ਼ਾਨ ਉਰਫ਼ ਚਿੰਕੂ ਪਠਾਨ ਨਾਲ ਸਬੰਧਾਂ ਦੇ ਦੋਸ਼ ਹੇਠ ਨਸ਼ਾ ਤਸਕਰ ਹੈਰਿਸ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਸੀਬੀ ਦੇ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਐੱਨਸੀਬੀ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪਿਛਲੇ ਸਾਲ ਹੋਈ ਮੌਤ ਨਾਲ ਜੁੜੇ ਨਸ਼ਾ ਮਾਮਲੇ ਵਿੱਚ ਹੈਰਿਸ ਖ਼ਾਨ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ। ਅਧਿਕਾਰੀ ਨੇ ਦੱਸਿਆ ਕਿ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਟੀਮ ਨੇ ਅੰਧੇਰੀ, ਲੋਖੰਡਵਾਲਾ ਅਤੇ ਬਾਂਦਰਾ ਵਿੱਚ ਕਈ ਥਾਵਾਂ ’ਤੇ ਛਾਪੇ ਮਾਰਨ ਮਗਰੋਂ ਮੰਗਲਵਾਰ ਨੂੰ ਹੈਰਿਸ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀ ਨੇ ਕਿਹਾ, ‘‘ਹੈਰਿਸ ਨੂੰ ਚਿੰਕੂ ਪਠਾਨ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਉਸ ਦੀ ਰਾਜਪੂਤ ਦੀ ਮੌਤ ਨਾਲ ਜੁੜੇ ਕੇਸ ਵਿੱਚ ਭੂਮਿਕਾ ਬਾਰੇ ਵੀ ਜਾਂਚ ਕੀਤੀ ਜਾਵੇਗੀ।’’ ਨਸ਼ਾ ਰੋਕੂ ਏਜੰਸੀ ਨੇ ਰਾਜਪੂਤ ਨਾਲ ਫਲੈਟ ਵਿੱਚ ਰਹਿਣ ਵਾਲੇ ਸਿਧਾਰਥ ਪਿਠਾਨੀ ਨੂੰ ਪਿਛਲੇ ਹਫ਼ਤੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਐੱਨਸੀਬੀ ਨੇ ਬੀਤੇ ਐਤਵਾਰ ਇਸ ਕੇਸ ਵਿੱਚ ਰਾਜਪੂਤ ਦੇ ਪੁਰਾਣੇ ਦੋ ਘਰੇਲੂ ਨੌਕਰਾਂ ਤੋਂ ਵੀ ਪੁੱਛ ਪੜਤਾਲ ਕੀਤੀ ਸੀ। ਰਾਜਪੂਤ ਦੀ ਲਾਸ਼ ਪਿਛਲੇ ਸਾਲ ਜੂਨ ਵਿੱਚ ਬਾਂਦਰਾ ਵਿੱਚ ਉਸ ਦੇ ਘਰ ’ਚ ਲਟਕਦੀ ਮਿਲੀ ਸੀ। -ਪੀਟੀਆਈ