ਮੁੁੰਬਈ, 15 ਸਤੰਬਰ
ਬੰਬੇ ਹਾਈ ਕੋਰਟ ਨੇ ਇੱਕ ਸਰਕਾਰੀ ਸੰਗਠਨ ਵੱਲੋਂ ਦਾਇਰ ਉਸ ਪਟੀਸ਼ਨ ’ਤੇ ਅੱਜ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਅਪੀਲ ਕੀਤੀ ਗਈ ਕਿ ਮੀਡੀਆ ਨੂੰ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮੁੱਦਿਆਂ ਅਤੇ ਮਾਮਲੇ ਦੀ ਜਾਂਚ ਦੀ ਕਵਰੇਜ ਕਰਨ ਤੋਂ ਰੋਕਿਆ ਜਾਵੇ। ਬੰਬੇ ਹਾਈ ਕੋਰਟ ’ਚ ਦਾਖਲ ਇਹ ਅਜਿਹੀ ਤੀਜੀ ਅਰਜ਼ੀ ਹੈ। ਚੀਫ਼ ਜਸਟਿਸ ਦੀਪਾਂਕਰ ਗੁਪਤਾ ਦੀ ਅਗਵਾਈ ਵਾਲਾ ਬੈਂਚ ਪਹਿਲਾਂ ਦੋ ਅਰਜ਼ੀਆਂ ’ਤੇ ਸੁਣਵਾਈ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਪੁਣੇ ਨਾਲ ਸਬੰਧਤ ਫ਼ਿਲਮਕਾਰ ਨੀਲੇਸ਼ ਨਵਲੱਖਾ ਅਤੇ ਦੂਜੀ ਸੂਬੇ ਦੇ ਅੱਠ ਪੁਲੀਸ ਅਧਿਕਾਰੀਆਂ ਵੱਲੋਂ ਦਾਇਰ ਕੀਤੀ ਗਈ ਹੈ। ਅਦਾਲਤ ਨੇ ਹੁਣ ਇਨ੍ਹਾਂ ਤਿੰਨਾਂ ਅਰਜ਼ੀਆਂ ’ਤੇ ਸਾਂਝੀ ਸੁਣਵਾਈ ਲਈ ਤਰੀਕ 8 ਅਕਤੂਬਰ ਨਿਰਧਾਰਤ ਕੀਤੀ ਹੈ। ਐੱਨਜੀਓ ‘ਇਨ ਪਰਸੂਟ ਆਫ ਜਸਟਿਸ’ ਵੱਲੋਂ ਜਾਰੀ ਨਵੀਂ ਅਰਜ਼ੀ ’ਚ ਅਪੀਲ ਕੀਤੀ ਗਈ ਹੈ ਕਿ ਹਾਈ ਕੋਰਟ, ‘ਅਦਾਲਤ ਦੀ ਹੁਕਮਅਦੂਲੀ ਕਾਨੂੰਨ’ ਦੇ ਦਾਇਰੇ ਨੂੰ ਵਧਾਏ, ਜਿਸ ਨਾਲ ਕਿਸੇ ਮਾਮਲੇ ’ਚ ਐੱਫਆਈਆਰ ਦਰਜ ਹੋਣ ਮਗਰੋਂ ‘ਨਿਆਂ ਦੇ ਪ੍ਰਸ਼ਾਸਨ’ ਵਿੱਚ ਕਿਸੇ ਅੜਿੱਕੇ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਸਕੇ। ਅਦਾਲਤ ਨੇ ਇਨ੍ਹਾਂ ਅਰਜ਼ੀਆਂ ਸਬੰਧੀ ਕੇਂਦਰ ਨੂੰ ਜਾਰੀ ਨੋਟਿਸ ’ਚ ਕਿਹਾ ਕਿ ਉਹ ਤਿੰਨਾਂ ਅਰਜ਼ੀਆਂ ’ਤੇ ਇਕੱਠੀ ਸੁਣਵਾਈ ਕਰੇਗੀ।
-ਪੀਟੀਆਈ
ਨਸ਼ਾ ਮਾਮਲਾ: ਐੱਨਸੀਬੀ ਵੱਲੋਂ ਦੋ ਹੋਰ ਵਿਅਕਤੀ ਗ੍ਰਿਫ਼ਤਾਰ
ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਨਸ਼ੀਲੇ ਪਦਾਰਥਾਂ ਸਬੰਧੀ ਜਾਂਚ ਦੌਰਾਨ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਇਸ ਤੋਂ ਪਹਿਲਾਂ ਅਦਾਕਾਰਾ ਰੀਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਐੱਨਸੀਬੀ ਨੇ ਸੋਮਵਾਰ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਦੇ ਸਕੂੁਲ ਦੇ ਦੋਸਤ ਸੂਰਿਆਦੀਪ ਮਲਹੋਤਰਾ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਐੱਨਸੀਬੀ ਨੇ ਸ਼ਨਿਚਰਵਾਰ ਗੋਆ ਤੋਂ ਕ੍ਰਿਸ ਕੋਸਟਾ ਨੂੰ ਹਿਰਾਸਤ ’ਚ ਲਿਆ। ਉਸ ਮੁੰਬਈ ਲਿਆ ਕੇ ਪੁੱਛ-ਪੜਤਾਲ ਕੀਤੀ ਗਈ ਅਤੇ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਨਸੀਬੀ ਹੁਣ ਤੱਕ 18 ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
-ਪੀਟੀਆਈ