ਮੁੰਬਈ, 7 ਅਗਸਤ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਸਬੰਧੀ ਅਦਾਕਾਰਾ ਰੀਆ ਚੱਕਰਵਰਤੀ ਅੱਜ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਈ।
28 ਵਰ੍ਹਿਆਂ ਦੀ ਅਦਾਕਾਰਾ ਏਜੰਸੀ ਦੇ ਬਲਾਰਡ ਅਸਟੇਟ ਸਥਿਤ ਦਫ਼ਤਰ ਵਿੱਚ ਆਪਣੇ ਭਰਾ ਸ਼ੌਵਿਕ ਚੱਕਰਵਰਤੀ ਨਾਲ ਪਹੁੰਚੀ। ਊਸ ਦੀ ਬਿਜ਼ਨਸ ਮੈਨੇਜਰ ਸ਼ਰੁਤੀ ਮੋਦੀ, ਜੋ ਰਾਜਪੂਤ ਲਈ ਵੀ ਕੰਮ ਕਰਦੀ ਸੀ, ਨੂੰ ਵੀ ਈਡੀ ਵਲੋਂ ਤਲਬ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਰੀਆ, ਸ਼ੌਵਿਕ ਅਤੇ ਮੋਦੀ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਕੇਸ ਸਬੰਧੀ ਰਾਜਪੂਤ ਦੇ ਘਰ ਵਿੱਚ ਰਹਿੰਦੇ ਊਸ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਈਡੀ ਨੇ ਸ਼ਨਿੱਚਰਵਾਰ ਲਈ ਤਲਬ ਕੀਤਾ ਹੈ। ਇਸ ਸਬੰਧੀ ਕੇਸ ਸੁਸ਼ਾਂਤ ਦੇ ਪਿਤਾ ਵਲੋਂ ਦਰਜ ਕਰਵਾਇਆ ਗਿਆ ਸੀ। ਈਡੀ ਵਲੋਂ ਰੀਆ ਤੋਂ ਆਮਦਨ, ਨਿਵੇਸ਼, ਕਾਰੋਬਾਰੀ ਸਬੰਧਾਂ ਅਤੇ ਹੋਰ ਮਸਲਿਆਂ ਬਾਰੇ ਪੁੱਛ-ਪੜਤਾਲ ਕੀਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ
ਸੀਬੀਆਈ ਨੇ ਜਾਂਚ ਸਿੱਟ ਨੂੰ ਸੌਂਪੀ
ਨਵੀਂ ਦਿੱਲੀ: ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਮਾਮਲੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਸ ਕੇਸ ਕਾਰਨ ਮਹਾਰਾਸ਼ਟਰ ਤੇ ਬਿਹਾਰ ਸਰਕਾਰ ਅਤੇ ਦੋਵਾਂ ਸੂਬਿਆਂ ਦੀ ਪੁਲੀਸ ਵਿਚਾਲੇ ਕਈ ਸਿਆਸੀ ਵਿਵਾਦ ਛਿੜੇ ਹੋਏ ਹਨ। ਸੀਬੀਆਈ ਨੇ ਕੇਸ ਦੀ ਜਾਂਚ ਭ੍ਰਿਸ਼ਟਾਚਾਰ ਵਿਰੋਧੀ ਇਕਾਈ VI (ਸਿੱਟ), ਨਵੀਂ ਦਿੱਲੀ ਤੋਂ ਕਰਾਊਣ ਦਾ ਫ਼ੈਸਲਾ ਕੀਤਾ ਹੈ। ਇਹ ਸਿੱਟ ਪਹਿਲਾਂ ਅਗਸਤਾ ਵੈਸਟਲੈਂਡ ਵੀਵੀਆਈਪੀ ਚੋਪਰ ਸੰਧੀ ਅਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਕਰਜ਼ਿਆਂ ਸਬੰਧੀ ਧੋਖਾਧੜੀ ਕੇਸਾਂ ਦੀ ਜਾਂਚ ਕਰ ਚੁੱਕੀ ਹੈ। ਸੀਬੀਆਈ ਨੇ ਕਈ ਘੰਟਿਆਂ ਦੇ ਸੋਚ-ਵਿਚਾਰ ਮਗਰੋਂ ਇਹ ਕੇਸ ਇਸ ਟੀਮ ਨੂੰ ਸੌਂਪਿਆ ਗਿਆ ਹੈ। ਸੀਬੀਆਈ ਨੇ ਬੀਤੇ ਦਿਨ ਬਿਹਾਰ ਸਰਕਾਰ ਦੀ ਸਿਫ਼ਾਰਿਸ਼ ’ਤੇ ਸੁਸ਼ਾਂਤ ਦੀ ਮੌਤ ਸਬੰਧੀ ਤਾਜ਼ਾ ਕੇਸ ਦਰਜ ਕੀਤਾ ਹੈ, ਜਿਸ ਵਿੱਚ ਸੁਸ਼ਾਂਤ ਦੀ ਮਹਿਲਾ ਦੋਸਤ ਰੀਆ ਚੱਕਰਵਰਤੀ, ਊਸ ਦੀ ਮਾਤਾ ਸੰਧਿਆ ਚੱਕਰਵਰਤੀ, ਪਿਤਾ ਇੰਦਰਜੀਤ ਚੱਕਰਵਰਤੀ, ਭਰਾ ਸ਼ੌਵਿਕ ਚੱਕਰਵਰਤੀ, ਸ਼ਰੁਤੀ ਮੋਦੀ, ਸੈਮੂਅਲ ਮਿਰਾਂਡਾ ਅਤੇ ਕੁਝ ਹੋਰਾਂ ਨੂੰ ਨਾਮਜ਼ਦ ਕੀਤਾ ਹੈ। -ਆਈਏਐੱਨਐੱਸ
ਸੁਪਰੀਮ ਕੋਰਟ ਵਲੋਂ ਜਨਹਿੱਤ ਪਟੀਸ਼ਨ ਰੱਦ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਸੀਬੀਆਈ ਜਾਂ ਐੱਨਆਈਏ ਜਾਂਚ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਅਣਜਾਣ ਲੋਕ ਬੇਲੋੜਾ ਹੀ ਅਦਾਲਤ ਆ ਰਹੇ ਹਨ, ਜਦੋਂਕਿ ਊਸ (ਸੁਸ਼ਾਂਤ) ਦੇ ਪਿਤਾ ਵਲੋਂ ਪਹਿਲਾਂ ਹੀ ਕੇਸ ਦੀ ਪੈਰਵੀ ਕੀਤੀ ਜਾ ਰਹੀ ਹੈ। -ਪੀਟੀਆਈ