ਮੁੰਬਈ, 20 ਅਕਤੂਬਰ
ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਨਾਰਕੋਟਿਕਸ ਕੰਟਰੋਲ ਬੋਰਡ (ਐੱਨਸੀਬੀ) ਨੇ ਇਸ ਮਾਮਲੇ ਵਿੱਚ ਅਦਾਕਾਰ ਅਰਜੁਨ ਰਾਮਪਾਲ ਦੀ ਮਹਿਲਾ ਦੋਸਤ ਗੈਬਰੀਏਲਾ ਦੇ ਭਰਾ ਐਗਿਸੀਲਾਓਸ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਸੀਬੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਐਤਵਾਰ ਨੂੰ ਕੀਤੀ ਗਈ ਹੈ। ਸੁਸ਼ਾਂਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਸ਼ਾ ਤਸਕਰ ਦੇ ਸੰਪਰਕ ਵਿੱਚ ਹੋਣ ਦਾ ਪਤਾ ਚੱਲਣ ਮਗਰੋਂ ਐੱਨਸੀਬੀ ਨੇ ਦੱਖਣੀ ਅਫਰੀਕਾ ਦੇ ਨਾਗਰਿਕ ਐਗਿਸੀਲਾਓਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਅਦਾਲਤ ਨੇ ਉਸ ਨੂੰ ਐੱਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐੱਨਸੀਬੀ ਇਸ ਤੋਂ ਪਹਿਲਾਂ ਸੁਸ਼ਾਂਤ ਦੀ ਦੋਸਤ ਰੀਆ ਚੱਕਰਵਰਤੀ, ਉਸ ਦੇ ਭਰਾ ਸ਼ੌਵਿਕ, ਸੈਮੂਅਲ ਮਿਰਾਂਡਾ, ਦੀਪੇਸ਼ ਸਾਵੰਤ ਅਤੇ ਕਈ ਹੋਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। -ਆਈਏਐੱਨਐੱਸ