ਨਵੀਂ ਦਿੱਲੀ, 27 ਅਪਰੈਲ
ਸੁਪਰੀਮ ਕੋਰਟ ਨੇ ਪੱਤਰਕਾਰ ਸਿੱਦੀਕੀ ਕੱਪਨ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਤੋਂ ਪੱਤਰਕਾਰ ਦਾ ਮੈਡੀਕਲ ਰਿਕਾਰਡ ਮੰਗ ਲਿਆ ਹੈ। ਕੱਪਨ ਨੂੰ ਪਿਛਲੇ ਸਾਲ ਹਾਥਰਸ, ਜਿੱਥੇ ਇਕ ਦਲਿਤ ਮਹਿਲਾ ਦੀ ਕਥਿਤ ਸਮੂਹਿਕ ਜਬਰ-ਜਨਾਹ ਮਗਰੋਂ ਮੌਤ ਹੋ ਗਈ ਸੀ, ਵੱਲ ਜਾਂਦਿਆਂ ਰਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਧਰ ਯੂਪੀ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਨੇ ਪੱਤਰਕਾਰ ਯੂਨੀਅਨ ਵੱੱਲੋਂ ਦਾਇਰ ਹੈਬੀਅਸ ਕੋਰਪਸ ਪਟੀਸ਼ਨ ’ਤੇ ਉਜਰ ਜਤਾਇਆ ਹੈ। ਕੇਰਲਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ (ਕੇਯੂਡਬਲਿਊਜੇ) ਨੇ ਸਿਖਰਲੀ ਅਦਾਲਤ ’ਚ ਦਾਇਰ ਹਲਫ਼ਨਾਮੇ ’ਚ ਦਾਅਵਾ ਕੀਤਾ ਸੀ ਕਿ ਕੱਪਨ ਨੂੰ ਹਸਪਤਾਲ ਵਿੱਚ ਮੰਜੇ ਦੀ ਚੇਨ ਨਾਲ ਭੰਨ ਕੇ ਰੱਖਿਆ ਗਿਆ ਹੈ। ਕੱਪਨ ਨੂੰ ਗੁਸਲਖਾਨੇ ’ਚ ਡਿੱਗਣ ਮਗਰੋਂ ਹਸਪਤਾਲ ਦਾਖ਼ਲ ਕੀਤਾ ਗਿਆ ਸੀ ਤੇ ਮਗਰੋਂ ਉਹ ਕੋਵਿਡ-19 ਲਈ ਪਾਜ਼ੇਟਿਵ ਨਿਕਲ ਆਇਆ। ਉਧਰ ਯੁੂਪੀ ਸਰਕਾਰ ਨੇ ਕੱਪਨ ਨੂੰ ਹਸਪਤਾਲ ’ਚ ਬੰਨ੍ਹ ਕੇ ਰੱਖਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਭਲਕੇ ਪੱਤਰਕਾਰ ਦਾ ਮੈਡੀਕਲ ਰਿਕਾਰਡ ਪੇਸ਼ ਕਰਕੇ ਆਪਣਾ ਜਵਾਬ ਰੱਖੇਗੀ।
ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਅਤੇ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਏ.ਐੱਸ.ਬੋਪੰਨਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸੂੁਬਾ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਬੁੱਧਵਾਰ ਤੱਕ ਮੈਡੀਕਲ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਮਹਿਤਾ ਨੇ ਹਾਲਾਂਕਿ ਕੇਸ ’ਤੇ ਸੁਣਵਾਈ ਦੌਰਾਨ ਕਿਹਾ ਕਿ ਉਸ ਨੂੰ ਕੇਯੂਡਬਲਿਊਜੇ ਵੱਲੋਂ ਦਾਇਰ ਹੈਬੀਅਸ ਕੋਰਪਸ ਪਟੀਸ਼ਨ ’ਤੇ ਮੁੱਢਲਾ ਇਤਰਾਜ਼ ਹੈ ਕਿਉਂਕਿ ਕੱਪਨ ਨਿਆਂਇਕ ਹੁਕਮਾਂ ਤਹਿਤ ਨਿਆਂਇਕ ਹਿਰਾਸਤ ਵਿੱਚ ਹੈ। ਮਹਿਤਾ ਨੇ ਕਿਹਾ ਕਿ ਜਿਸ ਕੇਸ ਵਿੱਚ ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਹੋਵੇ, ਉਥੇ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਪੱਤਰਕਾਰ ਯੂਨੀਅਨ ਵੱਲੋਂ ਪੇਸ਼ ਵਕੀਲ ਵਿਲਜ਼ ਮੈਥਿਊ ਨੇ ਕਿਹਾ ਕਿ ਕੱਪਨ ਨੂੰ ਵੀਡੀਓ ਕਾਨਫਰੰਸ ਜ਼ਰੀਏ ਆਪਣੀ ਮਾਂ ਨਾਲ ਗੱਲਬਾਤ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਵੇ। ਬੈਂਚ, ਜਿਸ ਨੂੰ ਕੇਸ ਦੀ ਵਰਚੁਅਲ ਸੁਣਵਾਈ ਦੌਰਾਨ ਕੁਨੈਕਟੀਵਿਟੀ ਦੇ ਮੁੱਦੇ ਨੂੰ ਲੈ ਕੇ ਕੁਝ ਮੁਸ਼ਕਲ ਆਈ ਨੇ ਸੁਣਵਾਈ ਨੂੰ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤਾ। ਚੇਤੇ ਰਹੇ ਕਿ ਕੱਪਨ ਦੀ ਪਤਨੀ ਨੇ ਹਾਲ ਹੀ ਵਿੱਚ ਸੀਜੇਆਈ ਰਾਮੰਨਾ ਨੂੰ ਇਕ ਪੱਤਰ ਲਿਖ ਕੇ ਆਪਣੇ ਪਤੀ ਨੂੰ ਫੌਰੀ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਸੀ। -ਪੀਟੀਆਈ