ਨਵੀਂ ਦਿੱਲੀ, 3 ਅਗਸਤ
ਸੁਪਰੀਮ ਕੋਰਟ ਨੇ ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਉਸ ਹੁਕਮ ਉਤੇ ਰੋਕ ਲਾ ਦਿੱਤੀ ਹੈ ਜਿਸ ਵਿਚ ਪਾਰਕਾਂ ਨੂੰ ਸਮਾਜਿਕ, ਵਪਾਰਕ, ਸ਼ਾਦੀਆਂ ਤੇ ਹੋਰ ਅਜਿਹੇ ਸਮਾਗਮਾਂ ਲਈ ਵਰਤਣ ਤੋਂ ਮਨ੍ਹਾਂ ਕੀਤਾ ਗਿਆ ਹੈ। ਜਸਟਿਸ ਇੰਦਰਾ ਬੈਨਰਜੀ ਤੇ ਵੀ. ਰਾਮਾਸੁਬਰਾਮਣੀਅਨ ਨੇ ਨਾਲ ਹੀ ਕਿਹਾ ਕਿ ਕਿਸੇ ਵੀ ਸੂਰਤ ਵਿਚ ਪਾਰਕਾਂ ਨੂੰ ਅਜਿਹੇ ਮੰਤਵਾਂ ਲਈ ਦਸ ਦਿਨ ਤੋਂ ਵੱਧ ਵਰਤਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਇਸ ਮਾਮਲੇ ਵਿਚ ਨਗਰ ਨਿਗਮਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਸਨ। ਐਨਜੀਟੀ ਨੇ ਚਾਰ ਫਰਵਰੀ ਨੂੰ ਇਸ ਬਾਰੇ ਹੁਕਮ ਦਿੱਤੇ ਸਨ। ਉੱਤਰ ਦਿੱਲੀ ਨਗਰ ਨਿਗਮ ਵੱਲੋਂ ਪੇਸ਼ ਹੋਏ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜੱਜਮੈਂਟ ਅਪੀਲੀ ਧਿਰਾਂ ਨੂੰ ਬਿਨਾਂ ਨੋਟਿਸ ਜਾਰੀ ਕੀਤਿਆਂ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਜਵਾਬ ਦੇਣ ਵਾਲਿਆਂ ਧਿਰਾਂ ਨੂੰ ਨੋਟਿਸ ਕੱਢਿਆ ਜਾਵੇ। ਫ਼ਿਲਹਾਲ ਹੁਕਮ ਉਤੇ ਰੋਕ ਲਾਈ ਜਾਂਦੀ ਹੈ। ਐਨਜੀਟੀ ਨੇ ਆਪਣੇ ਫਰਵਰੀ ਦੇ ਹੁਕਮ ਵਿਚ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹੁਕਮ ਦਿੱਤਾ ਸੀ ਕਿ ਕੌਮੀ ਰਾਜਧਾਨੀ ਵਿਚ ਪਾਰਕਾਂ ਨੂੰ ਸਮਾਜਿਕ ਤੇ ਹੋਰ ਸਮਾਗਮਾਂ ਲਈ ਵਰਤਣ ਦੀ ਇਜਾਜ਼ਤ ਨਾ ਦਿੱਤੀ ਜਾਵੇ। -ਪੀਟੀਆਈ