ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਸਮੂਹਿਕ ਬਲਾਤਕਾਰ ਕੇਸ ’ਚ ਮੁਲਜ਼ਮ ਤੇ ਸੂੁਬੇ ਦੇ ਸਾਬਕਾ ਮੰਤਰੀ ਗਾਇਤਰੀ ਪ੍ਰਸਾਦ ਪ੍ਰਜਾਪਤੀ ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਮੈਡੀਕਲ ਆਧਾਰ ’ਤੇ ਦਿੱਤੀ ਦੋ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਨੂੰ ਚੁਣੌਤੀ ਦਿੰਦੀ ਉੱਤਰ ਪ੍ਰਦੇਸ਼ ਸਰਕਾਰ ਦੀ ਪਟੀਸ਼ਨ ’ਤੇ ਫੈਸਲਾ 15 ਅਕਤੂਬਰ ਨੂੰ ਸੁਣਾਏਗੀ। ਜਸਟਿਸ ਅਸ਼ੋਕ ਭੂਸ਼ਣ, ਆਰ.ਸੁਭਾਸ਼ ਰੈੱਡੀ ਤੇ ਐੱਮ.ਆਰ.ਸ਼ਾਹ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਯੂਪੀ ਸਰਕਾਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਏ.ਐੱਸ.ਵੀ. ਰਾਜੂ ਤੇ ਪ੍ਰਜਾਪਤੀ ਵੱਲੋਂ ਪੇਸ਼ ਸੀਨੀਅਰ ਵਕੀਲ ਰਾਜੀਵ ਧਵਨ ਦੀਆਂ ਦਲੀਲਾਂ ਸੁਣਨ ਮਗਰੋਂ ਅੱਜ ਫੈਸਲਾ ਰਾਖਵਾਂ ਰੱਖ ਲਿਆ। ਤਤਕਾਲੀਨ ਸਮਾਜਵਾਦੀ ਪਾਰਟੀ ਦੀ ਸਰਕਾਰ ’ਚ ਮੰਤਰੀ ਰਹੇ ਪ੍ਰਜਾਪਤੀ ’ਤੇ ਇਸ ਮਹਿਲਾ ਨਾਲ ਜਬਰ-ਜਨਾਹ ਕਰਨ ਤੇ ਉਸ ਦੀ ਨਾਬਾਲਗ ਧੀ ਨਾਲ ਛੇੜਛਾੜ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। -ਪੀਟੀਆਈ