ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਡਾਕਟਰਾਂ ਦੀ ਪਟੀਸ਼ਨ ’ਤੇ 21 ਮਈ ਨੂੰ ਹੋਣ ਵਾਲੀ ਨੀਟ-ਪੀਜੀ ਪ੍ਰੀਖਿਆ ਮੁਲਤਵੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ’ਚ ਦੇਰੀ ਨਾਲ ਡਾਕਟਰਾਂ ਦੀ ਕਮੀ ਹੋਵੇਗੀ ਅਤੇ ਮਰੀਜ਼ਾਂ ਦੀ ਦੇਖਭਾਲ ’ਤੇ ਮਾੜਾ ਅਸਰ ਪਵੇਗਾ। ਜਸਟਿਸ ਡੀ ਵਾਈ ਚੰਦਰਚੂੜ ਅਤੇ ਸੂਰਿਆਕਾਂਤ ਦੇ ਬੈਂਚ ਨੇ ਕਿਹਾ ਕਿ ਪ੍ਰੀਖਿਆ ਮੁਲਤਵੀ ਕਰਨ ਨਾਲ ਬਦਅਮਨੀ ਅਤੇ ਬੇਯਕੀਨੀ ਦਾ ਮਾਹੌਲ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੇ ਵੱਡੇ ਵਰਗ ’ਤੇ ਵੀ ਅਸਰ ਪਵੇਗਾ, ਜਿਨ੍ਹਾਂ ਪ੍ਰੀਖਿਆ ਦੇਣੀ ਹੈ। ਬੈਂਚ ਨੇ ਕਿਹਾ, ‘‘ਵਿਦਿਆਰਥੀਆਂ ਦੇ ਦੋ ਵਰਗ ਹਨ, ਇੱਕ ਜੋ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕਰ ਰਿਹਾ ਹੈ ਅਤੇ ਦੋ ਲੱਖ ਛੇ ਹਜ਼ਾਰ ਤੋਂ ਵੱਧ ਉਮੀਦਵਾਰਾਂ ਦਾ ਦੂਜਾ ਵੱਡਾ ਵਰਗ ਹੈ, ਜਿਸ ਨੇ ਪ੍ਰੀਖਿਆ ਲਈ ਤਿਆਰੀ ਕੀਤੀ ਹੋਈ ਹੈ ਅਤੇ ਇਸ ਦੇ ਮੁਲਤਵੀ ਹੋਣ ਨਾਲ ਉਹ ਪ੍ਰਭਾਵਿਤ ਹੋਣਗੇ।’’ -ਪੀਟੀਆਈ