ਨਵੀਂ ਦਿੱਲੀ, 9 ਮਈ
ਸੁਪਰੀਮ ਕੋਰਟ ਨੇ ਅੱਜ ਨੀਟ ਦੇ ਸੁਪਰ ਸਪੈਸ਼ਲਟੀ ਕੋਰਸਾਂ ਵਿੱਚ ਦਾਖਲੇ ਲਈ ‘ਕੱਟ-ਆਫ ਪਰਸੈਂਟਾਈਲ’ ਘਟਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਡਾਕਟਰਾਂ ਨੇ ਮਰੀਜ਼ਾਂ ਦਾ ਜੀਵਨ ਬਚਾਉਣਾ ਹੁੰਦਾ ਹੈ ਤੇ ਯੋਗਤਾ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਸੂਰਿਆਕਾਂਤ ਦੇ ਬੈਂਚ ਨੇ ਕਿਹਾ ਕਿ ‘ਪਰਸੈਂਟਾਈਲ’ ਨੂੰ ਘੱਟ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਹੜਾ ਕਿ ਅਕਾਦਮਿਕ ਨੀਤੀ ਦਾ ਮਾਮਲਾ ਹੈ ਅਤੇ ਇਸ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਬੈਂਚ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਦੱਸੇ ਗਏ ਕਾਰਨ ਨੂੰ ਗ਼ੈਰ-ਪ੍ਰਸੰਗਿਕ ਅਤੇ ਮਨਮਰਜ਼ੀ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੂੰ ‘ਕੱਟ ਆਫ’ ਘਟਾਉਣ ਦੀ ਅਪੀਲ ਕਰਨ ਵਾਲੇ ਪਟੀਸ਼ਨਕਰਤਾਵਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਕਾਦਮਿਕ ਸੈਸ਼ਨ 2021-22 ਲਈ ਕੁੱਲ ਸੀਟਾਂ ਵਿੱਚੋਂ 940 ਹਾਲੇ ਵੀ ਖਾਲੀ ਹਨ। ਜੇਕਰ ‘ਕੱਟ-ਆਫ’ ਨਹੀਂ ਘਟਾਇਆ ਜਾਂਦਾ ਤਾਂ ਇਹ ਸੀਟਾਂ ਬੇਕਾਰ ਚਲੀਆਂ ਜਾਣਗੀਆਂ ਜਦਕਿ ਦੇਸ਼ ਵਿੱਚ ਡਾਕਟਰਾਂ ਦੀ ਲੋੜ ਹੈ। -ਪੀਟੀਆਈ