ਨਵੀਂ ਦਿੱਲੀ, 23 ਫਰਵਰੀ
ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਅਤੇ ਹੋਰ ਬੋਰਡਾਂ ਵੱਲੋਂ ਕਰਵਾਈਆਂ ਜਾਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ‘ਆਫਲਾਈਨ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਜਿਹੀ ਪਟੀਸ਼ਨ ਹਰ ਪਾਸੇ “ਝੂਠੀ ਉਮੀਦ” ਅਤੇ “ਭੰਬਲਭੂਸਾ” ਪੈਦਾ ਕਰਦੀ ਹੈ। ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਸੀਟੀ ਰਵੀਕੁਮਾਰ ਦੀ ਬੈਂਚ ਨੇ ਕਿਹਾ, ‘ਇਹ ਨਾ ਸਿਰਫ ਝੂਠੀਆਂ ਉਮੀਦਾਂ ਪੈਦਾ ਕਰਦੀ ਹੈ, ਸਗੋਂ ਤਿਆਰੀ ਕਰ ਰਹੇ ਵਿਦਿਆਰਥੀਆਂ ’ਚ ਭਰਮ ਫੈਲਾਉਂਦੀ ਹੈ।’ ਬੈਂਚ ਨੇ ਕਿਹਾ, ‘ਵਿਦਿਆਰਥੀਆਂ ਤੇ ਅਧਿਕਾਰੀਆਂ ਨੂੰ ਆਪੋ ਆਪਣਾ ਕੰਮ ਕਰਨ ਦਿਓ।’