ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੂਫ਼ੀ ਸੰਤ ਖ਼ਵਾਜਾ ਮੋਇਨੂਦੀਨ ਚਿਸ਼ਤੀ ਬਾਰੇ ਟੀਵੀ ਮੇਜ਼ਬਾਨ ਅਮੀਸ਼ ਦੇਵਗਨ ਵੱਲੋਂ ਕੀਤੀ ਕੀਤੀਆਂ ਨਿਰਾਦਰ ਭਰੀਆਂ ਟਿੱਪਣੀਆਂ ਲਈ ਉਸ ਖ਼ਿਲਾਫ਼ ਦਾਇਰ ਐਫਆਈਆਰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੇਵਗਨ ਨੇ 15 ਜੂਨ ਨੂੰ ਟੀਵੀ ਸ਼ੋਅ ਦੌਰਾਨ ਇਹ ਟਿੱਪਣੀਆਂ ਕੀਤੀਆਂ ਸਨ। ਹਾਲਾਂਕਿ ਅਦਾਲਤ ਨੇ ਕਿਹਾ ਕਿ ਜਦ ਤੱਕ ਉਹ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ, ਉਸ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਫ਼ਿਲਹਾਲ ਨਾ ਕੀਤੀ ਜਾਵੇ। ਜਸਟਿਸ ਏ.ਐਮ. ਖਾਨਵਿਲਕਰ ਤੇ ਸੰਜੀਵ ਖੰਨਾ ਉਤੇ ਅਧਾਰਿਤ ਬੈਂਚ ਨੇ ਦੇਵਗਨ ਖ਼ਿਲਾਫ਼ ਦਾਇਰ ਵੱਖ-ਵੱਖ ਐਫਆਈਆਰ ਅਲੱਗ-ਅਲੱਗ ਸੂਬਿਆਂ- ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਿਲੰਗਾਨਾ ਤੇ ਰਾਜਸਥਾਨ ਤਬਦੀਲ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਟਿੱਪਣੀ ਕਰਨ ਤੋਂ ਬਾਅਦ ਅਮੀਸ਼ ਨੇ ਟਵੀਟ ਕਰ ਕੇ ਮੁਆਫ਼ੀ ਵੀ ਮੰਗੀ ਸੀ ਤੇ ਕਿਹਾ ਸੀ ਕਿ ਉਹ ਦਰਅਸਲ ਮੁਸਲਿਮ ਸ਼ਾਸਕ ਅਲਾਊਦੀਨ ਖਿਲਜੀ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਮੂੰਹ ’ਚੋਂ ਚਿਸ਼ਤੀ ਨਿਕਲ ਗਿਆ। ਸੁਪਰੀਮ ਕੋਰਟ ਨੇ ਨਾਲ ਹੀ ਕਿਹਾ ਕਿ ਰਸੂਖ਼ ਰੱਖਣ ਵਾਲੇ ਵਿਅਕਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਇਸਤੇਮਾਲ ਕਰਦਿਆਂ ‘ਜ਼ਿਆਦਾ ਜ਼ਿੰਮੇਵਾਰੀ’ ਤੋਂ ਕੰਮ ਲਏ। -ਪੀਟੀਆਈ