ਨਵੀਂ ਦਿੱਲੀ, 8 ਅਕਤੂਬਰ
ਸੁਪਰੀਮ ਕੋਰਟ ਨੇ ਅੱਜ ਅਲਾਹਾਬਾਦ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ ਜਿਸ ’ਚ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਚਿਨਮਯਾਨੰਦ ਨੂੰ ਜਬਰ ਜਨਾਹ ਪੀੜਤ ਕਾਨੂੰਨ ਦੀ ਵਿਦਿਆਰਥਣ ਦੇ ਬਿਆਨ ਦੀ ਕਾਪੀ ਹਾਸਲ ਕਰਨ ਦੀ ਇਜਾਜ਼ਤ ਦਿੱਤੀ ਸੀ।
ਚਿਨਮਯਾਨੰਦ ’ਤੇ ਜਬਰ ਜਨਾਹ ਦਾ ਦੋਸ਼ ਹੈ। ਜਸਟਿਸ ਯੂ.ਯੂ. ਲਲਿਤ, ਵਿਨੀਤ ਸਰਾਂ ਅਤੇ ਐੱਸ ਰਵਿੰਦਰ ਭੱਟ ਨੇ ਸ਼ਾਹਜਹਾਨਪੁਰ ਆਧਾਰਿਤ ਕਾਨੂੰਨ ਦੀ ਵਿਦਿਆਰਥਣ ਨੂੰ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਅਪੀਲ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 7 ਨਵੰਬਰ 2019 ਨੂੰ ਅਲਾਹਾਬਾਦ ਹਾਈ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਨੂੰ ਉਸ ਮਹਿਲਾ ਦੇ ਬਿਆਨ ਦੀ ਕਾਪੀ ਮੁਹੱਈਆ ਕਰਨ ਦੇ ਹੁਕਮ ਦਿੱਤੇ ਸਨ ਜਿਸ ਨੇ ਉਸ ’ਤੇ ਜਬਰ ਜਨਾਹ ਦੇ ਦੋਸ਼ ਲਾਏ ਸੀ। -ਪੀਟੀਆਈ