ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। ਮੰਤਰੀ ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਨੂੰ ਟਰਾਂਸਫਰ ਕਰਨ ਦੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਨੂੰ ਉੱਚ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਜਸਟਿਸ ਐਮ ਆਰ ਸ਼ਾਹ ਅਤੇ ਕ੍ਰਿਸ਼ਨ ਮੁਰਾਰੀ ਨੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ। ਕਾਬਿਲੇਗੌਰ ਹੈ ਕਿ ਹਾਈ ਕੋਰਟ ਨੇ 1 ਅਕਤੂਬਰ ਨੂੰ ਇਹ ਕਹਿੰਦਿਆਂ ਕਿ ਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕੇਸ ਤਬਦੀਲ ਕਰਨ ਸਮੇਂ ਸਾਰੇ ਤੱਥਾਂ ਦੀ ਪੜਚੋਲ ਕੀਤੀ ਸੀ, ਜਿਹੜੇ ਈਡੀ ਵੱਲੋਂ ਜਾਂਚ ਬਾਅਦ ਸਾਹਮਣੇ ਲਿਆਂਦੇ ਗਏ ਸਨ ਅਤੇ ਫੈਸਲੇ ਵਿੱਚ ਕੋਈ ਖਾਮੀ ਨਹੀਂ ਸੀ ਤੇ ਕਿਸੇ ਦਖ਼ਲ ਦੀ ਲੋੜ ਨਹੀਂ ਹੈ, ਜੈਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਈ ਕੋਰਟ ਦੇ ਇਸ ਫੈਸਲੇ ਨੂੰ ਮੰਤਰੀ ਨੇ ਸਿਖਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ ਈਡੀ ਨੇ ਜੈਨ ਅਤੇ ਦੋ ਹੋਰਨਾਂ ਨੂੰ ਸੀਬੀਆਈ ਵੱਲੋਂ ਉਨ੍ਹਾਂ ਖਿਲਾਫ਼ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਦਰਜ ਕੀਤੀ ਐਫਆਈਆਰ ’ਤੇ ਅਧਾਰਤ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜੈਨ ’ਤੇ ਚਾਰ ਕੰਪਨੀਆਂ ਰਾਹੀਂ ਕਾਲੇ ਧਨ ਨੂੰ ਸਫੈਦ ਕਰਨ ਦਾ ਦੋਸ਼ ਹੈ, ਜਦੋਂ ਕਿ ਮੰਤਰੀ ਨੇ ਦੋਸ਼ਾਂ ਦਾ ਖ਼ੰਡਨ ਕੀਤਾ ਹੈ। -ਏਜੰਸੀ