ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਸੀਬੀਐੱਸਈ ਤੇ ਹੋਰਨਾਂ ਬੋਰਡਾਂ ਵੱਲੋਂ ਇਸ ਸਾਲ 10ਵੀਂ ਤੇ 12ਵੀਂ ਦੀਆਂ ਆਫ਼ਲਾਈਨ ਮੋਡ ਵਿੱਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਬੁੱਧਵਾਰ ਨੂੰ ਸੁਣਵਾਈ ਕਰੇਗੀ। ਜਸਟਿਸ ਏ.ਐੱਮ.ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਰ ਵੱਲੋਂ ਪੇਸ਼ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਜ਼ੁਬਾਨੀ ਕਲਾਮੀ ਕਿਹਾ, ‘‘ਕੋਰਸ ਮੁਕੰਮਲ ਕੀਤੇ ਬਿਨਾਂ ਪ੍ਰੀਖਿਆ ਕਿਵੇਂ ਲਈ ਜਾ ਸਕਦੀ ਹੈ।’’ ਪਟੀਸ਼ਨਰ ਦੇ ਵਕੀਲ ਨੇ ਕਿਹਾ ਸੀ ਕਿ ਕੋਵਿਡ-19 ਹਾਲਾਤ ਵਿੱਚ ਭਾਵੇਂ ਪਹਿਲਾਂ ਨਾਲੋਂ ਸੁਧਾਰ ਹੈ, ਪਰ ਅਜੇ ਤੱਕ ਪੜ੍ਹਾਈ ਪੂਰੀ ਨਹੀਂ ਹੋਈ। ਬੈਂਚ, ਜਿਸ ਵਿੱਚ ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਜਸਟਿਸ ਸੀ.ਟੀ.ਰਵੀਕੁਮਾਰ ਵੀ ਸ਼ਾਮਲ ਸਨ, ਨੇ ਪਟੀਸ਼ਨਰ ਨੂੰ ਆਪਣੀ ਅਪੀਲ ਦੀ ਇਕ ਐਡਵਾਂਸ ਕਾਪੀ ਸੀਬੀਐੱਸਈ ਸਮੇਤ ਹੋਰਨਾਂ ਧਿਰਾਂ ਨੂੰ ਸੌਂਪਣ ਦੀ ਖੁੱਲ੍ਹ ਦੇ ਦਿੱਤੀ ਹੈ। ਬੈਂਚ ਨੇ ਕਿਹਾ, ‘‘ਅਸੀਂ ਇਸ ਪਟੀਸ਼ਨ ਨੂੰ ਭਲਕੇ (ਬੁੱਧਵਾਰ) ਸੂਚੀਬੱਧ ਕਰਾਂਗੇ।’’ ਪਟੀਸ਼ਨਰਾਂ ਵੱਲੋਂ ਪੇਸ਼ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਸਿਖਰਲੀ ਅਦਾਲਤ ਨੇ ਸਾਲ 2020 ਤੇ 2021 ਵਿੱਚ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਹੁਕਮ ਦਿੱਤੇ ਸਨ ਤੇ ਇਸ ਸਾਲ ਵੀ ਉਹੀ ਮੁਸ਼ਕਲ ਦਰਪੇਸ਼ ਹੈ। ਵਕੀਲ ਨੇ ਕਿਹਾ, ‘‘ਪਿਛਲੇ ਸਾਲ ਵੀ ਤੁਹਾਡੇ (ਕੋਰਟ) ਦਖ਼ਲ ਨਾਲ ਇਸ ਦਾ ਹੱਲ ਨਿਕਲਿਆ ਸੀ। ਇਸ ਸਾਲ ਵੀ ਅਸੀਂ ਕਿਸੇ ਤਰ੍ਹਾਂ ਦੇ ਹੱਲ ਦੀ ਮੰਗ ਕਰਦੇ ਹਾਂ, ਨਹੀਂ ਤਾਂ ਇਹ ਮਸਲਾ ਲਮਕ ਜਾਵੇਗਾ।’’ ਵਕੀਲ ਨੇ ਕਿਹਾ ਕਿ ਸਮੇਂ ਸਿਰ ਫੈਸਲਾ ਨਾ ਲਿਆ ਤਾਂ ਅੱਗੋਂ ਦੇ ਦਾਖ਼ਲੇ ਅਸਰਅੰਦਾਜ਼ ਹੋਣਗੇ ਤੇ ਵਿਦਿਆਰਥੀਆਂ ਦਾ ਭਵਿੱਖ ਸੰਕਟ ਵਿੱਚ ਪੈ ਜਾਵੇਗਾ।’ ਚੇਤੇ ਰਹੇ ਕਿ ਸੀਬੀਐੱਸਈ ਨੇ 26 ਅਪਰੈਲ ਤੋਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲੈਣ ਦਾ ਫੈਸਲਾ ਕੀਤਾ ਹੋਇਆ ਹੈ। -ਪੀਟੀਆਈ