ਨਵੀਂ ਦਿੱਲੀ, 22 ਨਵੰਬਰ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਮਹਾਰਾਸ਼ਟਰ ਵਿੱਚ ਉਸ ਦੇ ਖ਼ਿਲਾਫ਼ ਦਰਜ ਅਪਰਾਧਿਕ ਮਾਮਲਿਆਂ ਵਿੱਚ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕੀਤੀ ਅਤੇ ਉਸ ਦੀ ਪਟੀਸ਼ਨ ’ਤੇ ਰਾਜ ਸਰਕਾਰ, ਉਸ ਦੇ ਡੀਜੀਪੀ ਅਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਪਰਮਬੀਰ ਸਿੰਘ, ਜਿਸ ਨੇ ਮਹਾਰਾਸ਼ਟਰ ਦੇ ਤਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ, ਨੇ ਅਪਰਾਧਿਕ ਮਾਮਲਿਆਂ ‘ਚ ਫਸਾਏ ਜਾਣ ਦੇ ਦੋਸ਼ ਲਾਏ ਹਨ। ਪਰਮਬੀਰ ਨੇ ਸਖ਼ਤ ਕਾਰਵਾਈ ਤੋਂ ਸੁਰੱਖਿਆ ਦੀ ਮੰਗ ਕਰਨ ਤੋਂ ਇਲਾਵਾ ਉਸ ਨਾਲ ਜੁੜੇ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸਾਬਕਾ ਪੁਲੀਸ ਕਮਿਸ਼ਨਰ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਜਸਟਿਸ ਐੱਸ.ਕੇ. ਕੌਲ ਅਤੇ ਐੱਮ.ਐੱਮ. ਸੁੰਦਰੇਸ਼ ਦੇ ਬੈਂਚ ਨੇ ਸਿੰਘ ਦੀ ਪਟੀਸ਼ਨ ’ਤੇ ਮਹਾਰਾਸ਼ਟਰ ਸਰਕਾਰ, ਉਸ ਦੇ ਡੀਜੀਪੀ ਸੰਜੇ ਪਾਂਡੇ ਅਤੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਹੁਕਮ ਦਿੱਤਾ, ‘‘ਜਾਰੀ ਨੋਟਿਸ ਕੀਤਾ ਜਾਂਦਾ ਹੈ। 6 ਦਸੰਬਰ ਨੂੰ ਜਵਾਬ ਦੇਣਾ ਹੋਵੇਗਾ। ਇਸ ਦੌਰਾਨ, ਪਟੀਸ਼ਨਕਰਤਾ ਜਾਂਚ ਵਿੱਚ ਸ਼ਾਮਲ ਹੋਵੇਗਾ ਅਤੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।’’ -ਪੀਟੀਆਈ