ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੂੰ ਆਪਣੇ ਟਿਕਾਣੇ ਦਾ ਖ਼ੁਲਾਸਾ ਕਰਨ ਲਈ ਆਖਦਿਆਂ ਕਿਹਾ ਹੈ ਕਿ ਜਦੋਂ ਤੱਕ ਉਹ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇਵੇਗਾ, ਉਦੋਂ ਤੱਕ ਨਾ ਕੋਈ ਰਾਹਤ ਅਤੇ ਨਾ ਹੀ ਕੇਸ ਦੀ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਪੁਲੀਸ ਅਧਿਕਾਰੀ ਦੇ ਵਕੀਲ ਨੂੰ ਉਸ ਦੇ ਟਿਕਾਣੇ ਬਾਰੇ ਪੁੱਛਿਆ ਅਤੇ ਕੇਸ ਦੀ ਸੁਣਵਾਈ 22 ਨਵੰਬਰ ਲਈ ਮੁਲਤਵੀ ਕਰ ਦਿੱਤੀ। ਜਸਟਿਸ ਐੱਸ ਕੇ ਕੌਲ ਦੀ ਅਗਵਾਈ ਹੇਠਲੇ ਬੈਂਚ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਰਾਹਤ ਲੈਣ ਲਈ ਅਰਜ਼ੀ ਪਾਵਰ ਆਫ਼ ਅਟਾਰਨੀ ਰਾਹੀਂ ਦਾਖ਼ਲ ਕੀਤੀ ਗਈ ਹੈ। ਬੈਂਚ ਨੇ ਕਿਹਾ,‘‘ਤੁਸੀਂ ਸੁਰੱਖਿਆ ਦੇ ਹੁਕਮਾਂ ਦੀ ਮੰਗ ਕਰ ਰਹੇ ਹੋ ਪਰ ਕੋਈ ਨਹੀਂ ਜਾਣਦਾ ਕਿ ਤੁਸੀਂ ਕਿਥੇ ਹੋ। ਮੰਨ ਲਵੋ ਜੇਕਰ ਤੁਸੀਂ ਵਿਦੇਸ਼ ਬੈਠੇ ਹੋ ਅਤੇ ਪਾਵਰ ਆਫ਼ ਅਟਾਰਨੀ ਰਾਹੀਂ ਕਾਨੂੰਨੀ ਪ੍ਰਕਿਰਿਆ ਅਪਣਾ ਰਹੇ ਹੋ ਤਾਂ ਫਿਰ ਕੀ ਹੋਵੇਗਾ। ਜੇਕਰ ਇੰਜ ਹੋਇਆ ਅਤੇ ਅਦਾਲਤ ਨੇ ਤੁਹਾਡੇ ਪੱਖ ’ਚ ਫ਼ੈਸਲਾ ਸੁਣਾਇਆ ਤਾਂ ਤੁਸੀਂ ਭਾਰਤ ਆਓਗੇ। ਸਾਨੂੰ ਨਹੀਂ ਪਤਾ ਕਿ ਤੁਹਾਡੇ ਦਿਮਾਗ ’ਚ ਕੀ ਚੱਲ ਰਿਹਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਪਟੀਸ਼ਨ ਪਾਵਰ ਆਫ਼ ਅਟਾਰਨੀ ਰਾਹੀਂ ਦਾਖ਼ਲ ਕੀਤੀ ਗਈ ਹੈ। ‘ਤੁਸੀਂ ਕਿਥੇ ਹੋ। ਕੀ ਤੁਸੀਂ ਮੁਲਕ ’ਚ ਹੋ ਜਾਂ ਬਾਹਰ? ਪਹਿਲਾਂ ਸਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਕਿਥੇ ਹੋ, ਉਸ ਤੋਂ ਬਾਅਦ ਅਸੀਂ ਬਾਕੀ ਮੁੱਦਿਆਂ ’ਤੇ ਆਵਾਂਗੇ।’ ਬੰਬੇ ਦੀ ਮੈਜਿਸਟਰੇਟੀ ਅਦਾਲਤ ਨੇ ਬੁੱਧਵਾਰ ਨੂੰ ਪਰਮਬੀਰ ਸਿੰਘ ਨੂੰ ਫਿਰੌਤੀ ਕੇਸ ’ਚ ਭਗੌੜਾ ਐਲਾਨ ਦਿੱਤਾ ਸੀ। ਪਰਮਬੀਰ ਸਿੰਘ ਮਈ ’ਚ ਆਪਣੇ ਦਫ਼ਤਰ ’ਚ ਹਾਜ਼ਰ ਹੋਇਆ ਸੀ ਅਤੇ ਉਸ ਤੋਂ ਬਾਅਦ ਉਹ ਛੁੱਟੀ ’ਤੇ ਚਲਾ ਗਿਆ ਸੀ। -ਪੀਟੀਆਈ