ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇਕ ਈਸਾਈ ਸਾਧਵੀ ਨਾਲ ਬਲਾਤਕਾਰ ਦੇ ਮੁਲਜ਼ਮ ਪਾਦਰੀ ਫਰੈਂਕੋ ਮੁਲੱਕਲ ਦੀ ਦੋਸ਼ਮੁਕਤ ਕਰਨ ਸਬੰਧੀ ਪਟੀਸ਼ਨ ਖਾਰਜ ਕਰ ਕੇ ਉਸ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਦੀ ਹਦਾਇਤ ਕੀਤੀ ਹੈ। ਅਦਾਲਤ ਨੇ ਕਿਹਾ ਕਿ ਉਸ ਦੀ ਪਟੀਸ਼ਨ ’ਚ ਕੋਈ ਤਰਕ ਨਹੀਂ ਹੈ। ਜ਼ਿਕਰਯੋਗ ਹੈ ਕਿ ਈਸਾਈ ਸਾਧਵੀ ਵੱਲੋਂ ਮੁਲਜ਼ਮ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਗਿਆ ਹੈ। ਚੀਫ਼ ਜਸਟਿਸ ਐੱਸ.ਏ. ਬੋਬੜੇ, ਜਸਟਿਸ ਏ.ਐੱਸ. ਬੋਪੰਨਾ ਤੇ ਵੀ ਰਾਮਾਸੁਬਰਮਨੀਅਨ ਦੇ ਇਕ ਬੈਂਚ ਨੇ ਪਾਦਰੀ ਦੇ ਵਕੀਲ ਨੂੰ ਕਿਹਾ ਕਿ ਅਦਾਲਤ ਇਸ ਮਾਮਲੇ ਦੇ ਗੁਣ-ਦੋਸ਼ ਬਾਰੇ ਕੋਈ ਟਿੱਪਣੀ ਨਹੀਂ ਕਰ ਰਹੀ ਹੈ ਪਰ ਇਸ ਮਾਮਲੇ ’ਚੋਂ ਦੋਸ਼ਮੁਕਤ ਕਰਨ ਸਬੰਧੀ ਦਾਇਰ ਕੀਤੀ ਗਈ ਅਰਜ਼ੀ ਖਾਰਜ ਕੀਤੀ ਜਾ ਰਹੀ ਹੈ।
ਮੁਲੱਕਲ ਨੇ ਆਪਣੀ ਅਰਜ਼ੀ ਵਿੱਚ ਕੇਰਲ ਹਾਈ ਕੋਰਟ ਦੇ 7 ਜੁਲਾਈ ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਨ੍ਹਾਂ ਤਹਿਤ ਸਾਧਵੀ ਵੱਲੋਂ ਦਰਜ ਕਰਵਾਏ ਗਏ ਕੇਸ ’ਚੋਂ ਦੋਸ਼ਮੁਕਤ ਕਰਨ ਸਬੰਧੀ ਮੁਲਜ਼ਮ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਨੇ ਜਲੰਧਰ ਡਾਇਓਸਿਸ ਦੇ ਅਹੁਦੇ ਤੋਂ ਹਟਾਏ ਜਾ ਚੁੱਕੇ ਪਾਦਰੀ ਨੂੰ ਬਲਾਤਕਾਰ ਮਾਮਲੇ ’ਚ ਮੁਕੱਦਮੇ ਦਾ ਸਾਹਮਣਾ ਕਰਨ ਦੇ ਨਿਰਦੇਸ਼ ਦਿੱਤੇ ਸਨ। -ਪੀਟੀਆਈ