ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਮਾਜਵਾਦੀ ਪਾਰਟੀ ਆਗੂ ਆਜ਼ਮ ਖ਼ਾਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ’ਚ ਦੇਰੀ ਲਈ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ‘ਨਿਆਂ ਨਾਲ ਮਖੌਲ ਹੈ’। ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਬੀ ਆਰ ਗਵਈ ’ਤੇ ਆਧਾਰਿਤ ਬੈਂਚ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਆਜ਼ਮ ਖ਼ਾਨ ਨੂੰ 87 ’ਚੋਂ 86 ਕੇਸਾਂ ’ਚ ਜ਼ਮਾਨਤ ਮਿਲ ਚੁੱਕੀ ਹੈ ਅਤੇ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ 11 ਮਈ ਨੂੰ ਕਰਨਗੇ। ਬੈਂਚ ਨੇ ਕਿਹਾ,‘‘ਉਸ (ਆਜ਼ਮ ਖ਼ਾਨ) ਨੂੰ ਇਕ ਮਾਮਲੇ ਨੂੰ ਛੱਡ ਕੇ ਬਾਕੀ ਸਾਰਿਆਂ ’ਚੋਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਇਹ ਨਿਆਂ ਨਾਲ ਮਖੌਲ ਹੈ। ਅਸੀਂ ਹੋਰ ਕੁਝ ਜ਼ਿਆਦਾ ਨਹੀਂ ਆਖਾਂਗੇ। ਅਸੀਂ ਬੁੱਧਵਾਰ ਨੂੰ ਇਸ ’ਤੇ ਸੁਣਵਾਈ ਕਰਾਂਗੇ।’’ ਆਜ਼ਮ ਖ਼ਾਨ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਾਈ ਕੋਰਟ ਨੇ ਉਨ੍ਹਾਂ ਦੇ ਮੁਵੱਕਿਲ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਅਲਾਹਾਬਾਦ ਹਾਈ ਕੋਰਟ ਨੇ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਪ੍ਰਾਜੈਕਟ ਲਈ ਆਜ਼ਮ ਖ਼ਾਨ ਵੱਲੋਂ ਸੰਪਤੀ ਹਥਿਆਉਣ ਦੇ ਕੇਸ ’ਚ ਵੀਰਵਾਰ ਨੂੰ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖਿਆ ਹੈ। ਹਾਈ ਕੋਰਟ ਨੇ 4 ਦਸੰਬਰ, 2021 ’ਚ ਆਪਣਾ ਫ਼ੈਸਲਾ ਰਾਖਵਾਂ ਰੱਖਿਆ ਸੀ। -ਪੀਟੀਆਈ