ਨਵੀਂ ਦਿੱਲੀ, 21 ਫਰਵਰੀ
ਸੁਪਰੀਮ ਕੋਰਟ ਨੇ ਸੀਬੀਐੱਸਈ ਤੇ ਹੋਰਨਾਂ ਸਿੱਖਿਆ ਬੋਰਡਾਂ ਵੱਲੋਂ ਇਸ ਸਾਲ ਆਫ਼ਲਾਈਨ ਮੋਡ ਵਿਚ ਲਈਆਂ ਜਾਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੰਦ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਅਤੇ ਜਸਟਿਸ ਏ.ਐੱਸ.ਬੋਪੰਨਾ ਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਸਹਿਮਤੀ ਦਿੰਦਿਆਂ ਕਿਹਾ ਕਿ ‘‘ਪਟੀਸ਼ਨ ’ਤੇ ਜਸਟਿਸ ਏ.ਐੱਮ.ਖਾਨਵਿਲਕਰ ਦੇ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ।’’ ਕਾਰਕੁਨ ਅਨੁਭਵ ਸ੍ਰੀਵਾਸਤਵ ਸਹਾਏ ਵੱਲੋਂ ਦਾਇਰ ਪਟੀਸ਼ਨ ਵਿੱਚ ਸੀਬੀਐੱਸਈ ਤੇ ਹੋਰਨਾਂ ਸਿੱਖਿਆ ਬੋਰਡਾਂ ਨੂੰ ਅਸੈਂਸਮੈਂਟ (ਮੁਲਾਂਕਣ) ਲਈ ਬਦਲਵੇਂ ਰਾਹ ਤਲਾਸ਼ਣ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸੀਬੀਐੱਸਈ ਨੇ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 26 ਅਪਰੈਲ ਤੋਂ ਲੈਣ ਦਾ ਐਲਾਨ ਕੀਤਾ ਹੋਇਆ ਹੈ। -ਪੀਟੀਆਈ