ਨਵੀਂ ਦਿੱਲੀ, 28 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਤਿਵਾਦ ਕੌਮਾਂਤਰੀ ਅਮਨ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖ਼ਤਰਾ ਹੈ ਅਤੇ ਅਤਿਵਾਦ ਦੀ ਕਿਸੇ ਵੀ ਤਰ੍ਹਾਂ ਦੀ ਹਮਾਇਤ ਮਨੁੱਖਤਾ ਖ਼ਿਲਾਫ਼ ਅਪਰਾਧ ਹੈ। ਦੁਸ਼ਾਂਬੇ ’ਚ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐੱਸਸੀਓ) ਦੇ ਇੱਕ ਸੰਮੇਲਨ ’ਚ ਸੰਬੋਧਨ ਕਰਦਿਆਂ ਉਨ੍ਹਾਂ ਨੇ ਭਾਰਤ ਦੀ ਹਰ ਤਰ੍ਹਾਂ ਦੇ ਅਤਿਵਾਦ ਦੇ ਟਾਕਰੇ ਸਬੰਧੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਸ਼ਾਂਤੀ ਤੇ ਖੁਸ਼ਹਾਲੀ ਅਤਿਵਾਦ ਨਾਲ ਇਕੱਠੀਆਂ ਨਹੀਂ ਚੱਲ ਸਕਦੀਆਂ। ਰੱਖਿਆ ਮੰਤਰੀ ਦੇ ਇਸ ਬਿਆਨ ਨੂੰ ਪਾਕਿਸਤਾਨ ਖ਼ਿਲਾਫ਼ ਸਿੱਧੀ ਟਿੱਪਣੀ ਵਜੋਂ ਦੇਖਿਆ ਜਾ ਰਿਹਾ ਹੈ। ਚੀਨ, ਰੂਸ ਅਤੇ ਐੱਸਸੀਓ ਦੇ ਹੋਰ ਮੈਂਬਰ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਦੀ ਹਾਜ਼ਰੀ ਵਿੱਚ ਸਿੰਘ ਨੇ ਕਿਹਾ, ‘ਅਤਿਵਾਦ ਦੇ ਕਿਸੇ ਵੀ ਰੂਪ, ਫਿਰ ਚਾਹੇ ਉਹ ਸਰਹੱਦ ਪਾਰੋਂ ਹੁੰਦੀ ਦਹਿਸ਼ਤਗਰਦੀ ਨਾ ਜੁੜਿਆ ਹੋਵੇ, ਇਸ ਕਾਰਵਾਈ ਨੂੰ ਕਿਸੇ ਨੇ ਵੀ, ਕਿਤੇ ਵੀ ਕਿਸੇ ਇਰਾਦੇ ਨਾਲ ਕੀਤਾ ਹੋਵੇ, ਤਾਂ ਉਸ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ ਹੈੈ।’ -ਪੀਟੀਆਈ