ਨਵੀਂ ਦਿੱਲੀ, 11 ਜੂਨ
ਗਡਕਰੀ ਦੇ ਅਹਿਮ ਸੁਝਾਅ
* ਦੋਵੇਂ ਸੂਬਿਆਂ ਕੋਲ ਅਨਾਜ ਦਾ ਵਧੇਰੇ ਭੰਡਾਰ ਪਰ ਸਾਂਭਣ ਲਈ ਥਾਂ ਨਹੀਂ: ਕੇਂਦਰੀ ਮੰਤਰੀ
* ਖੰਡ ਦੀ ਬਰਾਮਦ ਲਈ 6 ਹਜ਼ਾਰ ਕਰੋੜ ਰੁਪਏ ਸਬਸਿਡੀ ਦੇਣ ਦਾ ਦਾਅਵਾ
* ਬੰਦ ਖੰਡ ਮਿੱਲਾਂ ਨੂੰ ਇਥਾਨੋਲ ਦੇ ਉਤਪਾਦਨ ’ਚ ਵਰਤਣ ਦਾ ਸੁਝਾਅ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਫ਼ਸਲਾਂ ਦਾ ਸਮਰਥਨ ਮੁੱਲ ਘਰੇਲੂ ਅਤੇ ਕੌਮਾਂਤਰੀ ਕੀਮਤਾਂ ਨਾਲੋਂ ਕਿਤੇ ਵੱਧ ਹੈ ਜਿਸ ਨਾਲ ਮੁਲਕ ’ਚ ‘ਆਰਥਿਕ ਸੰਕਟ’ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦੇਸ਼ ਦੇ ਅਰਥਚਾਰੇ ’ਤੇ ਪੈਣ ਵਾਲੇ ਮਾੜੇ ਅਸਰ ਤੋਂ ਪਹਿਲਾਂ ਹੀ ਕੋਈ ਬਦਲਵਾਂ ਹੱਲ ਲੱਭ ਲਿਆ ਜਾਣਾ ਚਾਹੀਦਾ ਹੈ। ਉਂਜ ਪਿਛਲੇ ਦਿਨੀਂ ਸਰਕਾਰ ਵੱਲੋਂ ਝੋਨੇ ਸਮੇਤ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ’ਚ ਵਾਧਾ ਕੀਤਾ ਗਿਆ ਸੀ ਜਿਸ ਨੂੰ ਕਿਸਾਨਾਂ ਨੇ ਨਿਗੂਣਾ ਕਰਾਰ ਦਿੱਤਾ ਹੈ। ਸ੍ਰੀ ਗਡਕਰੀ ਨੇ ਪੰਜਾਬ ਅਤੇ ਹਰਿਆਣਾ ਸਮੇਤ ਕੁਝ ਸੂਬਿਆਂ ’ਚ ਫ਼ਸਲੀ ਚੱਕਰ ’ਚ ਬਦਲਾਅ ’ਤੇ ਜ਼ੋਰ ਦਿੰਦਿਆਂ ਕਣਕ ਅਤੇ ਝੋਨੇ ਦਾ ਰਕਬਾ ਘਟਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ,‘‘ਪੰਜਾਬ ਅਤੇ ਹਰਿਆਣਾ ’ਚ ਸਾਡੇ ਕੋਲ ਭੰਡਾਰਨ ਲਈ ਥਾਂ ਨਹੀਂ ਹੈ। ਇਹ ਮੁਲਕ ਲਈ ਮਾੜਾ ਸਮਾਂ ਹੈ। ਇਕ ਪਾਸੇ ਸਾਡੇ ਕੋਲ ਵਾਧੂ ਅਨਾਜ ਹੈ ਤਾਂ ਦੂਜੇ ਪਾਸੇ ਸਾਡੇ ਕੋਲ ਉਸ ਨੂੰ ਸਾਂਭਣ ਲਈ ਥਾਂ ਨਹੀਂ ਹੈ।’’
ਵੈਬੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਖੇਤੀਬਾੜੀ ਦੇ ਮਸਲਿਆਂ ਦਾ ਕੱਢੇ ਬਿਨਾਂ ਅਰਥਚਾਰੇ ’ਚ ਰਫ਼ਤਾਰ ਨਹੀਂ ਫੜੀ ਜਾ ਸਕਦੀ ਹੈ ਕਿਉਂਕਿ ਸਭ ਤੋਂ ਵੱਧ ਖ਼ਰੀਦਣ ਦੀ ਤਾਕਤ ਖੇਤੀਬਾੜੀ ’ਚ ਹੈ ਜਿਥੇ ਸਮਰੱਥਾ ਵਧਾਏ ਜਾਣ ਦੀ ਲੋੜ ਹੈ। ਮੁਲਕ ’ਚ ਵਧੇਰੇ ਖੰਡ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ 60 ਲੱਖ ਟਨ ਖੰਡ ਦੀ ਬਰਾਮਦ ਲਈ 6 ਹਜ਼ਾਰ ਕਰੋੜ ਰੁਪਏ ਸਬਸਿਡੀ ਦਿੱਤੀ ਹੈ। ਐੱਮਐੱਸਐੱਮਈ ਅਤੇ ਟਰਾਂਸਪੋਰਟ ਮੰਤਰੀ ਨੇ ਕਿਹਾ,‘‘ਖੇਤੀਬਾੜੀ ਦੇ ਖੇਤਰ ’ਚ ਕੁਝ ਗੰਭੀਰ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕ ਅਤੇ ਚੌਲਾਂ ਦਾ ਤਿੰਨ ਸਾਲ ਤੱਕ ਮੁਲਕ ’ਚ ਭੰਡਾਰ ਹੈ।’’ ਉਨ੍ਹਾਂ ਰਾਈਸ ਨੂੰ ਇਥਾਨੋਲ ਜਾਂ ਜੈਵਿਕ-ਇਥਾਨੋਲ ’ਚ ਤਬਦੀਲ ਕਰਨ ਦੀ ਨੀਤੀ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਲਾਹਕਾਰ ਪੀ ਕੇ ਸਿਨਹਾ, ਖੁਰਾਕ ਤੇ ਸਿਵਲ ਸਪਲਾਈਜ਼, ਖੇਤੀ, ਤੇਲ, ਗ਼ੈਰ-ਰਵਾਇਤੀ ਊਰਜਾ ਅਤੇ ਐੱਮਐੱਸਐੱਮਈ ਸਕੱਤਰਾਂ ਨਾਲ ਬੈਠਕ ਦੌਰਾਨ ਉਨ੍ਹਾਂ ਇਹ ਸੁਝਾਅ ਦਿੱਤਾ। ਉਨ੍ਹਾਂ ਕਿਹਾ,‘‘ਮੌਜੂਦਾ ਸਮੇਂ ’ਚ ਇਥਾਨੋਲ ਦਾ ਉਤਪਾਦਨ 20 ਹਜ਼ਾਰ ਕਰੋੜ ਰੁਪਏ ਦਾ ਹੈ
ਅਤੇ ਦਰਾਮਦ 6-7 ਲੱਖ ਕਰੋੜ ਰੁਪਏ ਦੀ ਹੈ। ਹੁਣ ਅਸੀਂ ਇਕ ਲੱਖ ਕਰੋੜ ਰੁਪਏ ਦਾ ਇਥਾਨੋਲ ਅਰਥਚਾਰਾ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਬੰਦ ਪਈਆਂ 200 ਖੰਡ ਮਿੱਲਾਂ ਨੂੰ ਜੈਵਿਕ-ਇਥਾਨੋਲ ਦੇ ਉਤਪਾਦਨ ’ਚ ਤਬਦੀਲ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਵਧੇਰੇ ਉਤਪਾਦਨ ਲਈ ਤੇਲ ਬੀਜਾਂ ਦੀ ਗੁਣਵੱਤਾ ’ਤੇ ਖੋਜ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 90 ਹਜ਼ਾਰ ਕਰੋੜ ਰੁਪਏ ਮੁੱਲ ਦੇ ਖਾਣ ਵਾਲੇ ਤੇਲ ਦੀ ਦਰਾਮਦ ਕੀਤੀ ਜਾਂਦੀ ਹੈ ਜੋ ਸਹੀ ਨਹੀਂ ਹੈ। -ਪੀਟੀਆਈ
ਮੁਲਕ ਪੀਪੀਈ ਕਿੱਟਾਂ ਬਰਾਮਦ ਕਰਨ ਲਈ ਤਿਆਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੀਪੀਈ ਕਿੱਟਾਂ ਦੀ ਮੰਗ ਮੁਲਕ ’ਚ ਬਹੁਤ ਵੱਧ ਗਈ ਹੈ ਅਤੇ ਹੁਣ ਰੋਜ਼ਾਨਾ ਪੰਜ ਲੱਖ ਤੋਂ ਵੱਧ ਕਿੱਟਾਂ ਤਿਆਰ ਹੋ ਰਹੀਆਂ ਹਨ। ਉਨ੍ਹਾਂ ਕਿਹਾ,‘‘ਮੈਂ ਵਣਜ ਅਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨੂੰ ਬੇਨਤੀ ਕੀਤੀ ਹੈ ਕਿ ਉਹ ਪੀਪੀਈ ਕਿੱਟਾਂ ਦੀ ਬਰਾਮਦ ਦੀ ਇਜਾਜ਼ਤ ਦੇਣ।’’ ਸ੍ਰੀ ਗਡਕਰੀ ਮੁਤਾਬਕ ਮੁਲਕ ’ਚ ਸੈਨੇਟਾਈਜ਼ਰਾਂ ਦਾ ਵੀ ਵੱਡੇ ਪੱਧਰ ’ਤੇ ਉਤਪਾਦਨ ਹੋ ਰਿਹਾ ਹੈ ਜਿਸ ਨਾਲ ਬਰਾਮਦ ਦੇ ਵੱਡੇ ਆਰਡਰ ਮਿਲ ਰਹੇ ਹਨ। ਸੜਕਾਂ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ 15 ਲੱਖ ਕਰੋੜ ਰੁਪਏ ਦੀਆਂ ਸੜਕਾਂ ਦੇ ਨਿਰਮਾਣ ਲਈ ਉਨ੍ਹਾਂ ਦੋ ਸਾਲਾਂ ਦਾ ਟੀਚਾ ਰੱਖਿਆ ਹੈ ਜਸ ਲਈ ਵਿਦੇਸ਼ੀ ਬੈਂਕ ਤੋਂ ਕਰਜ਼ਾ ਲੈਣ ਲਈ ਸਮਝੌਤਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਟੌਲ ਆਮਦਨ ਪੰਜ ਸਾਲਾਂ ਬਾਅਦ ਇਕ ਲੱਖ ਕਰੋੜ ਰੁਪਏ ਸਾਲਾਨਾ ਹੋਵੇਗੀ। -ਪੀਟੀਆਈ