ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ 12 ਤੋਂ ਵੱਧ ਸੂਬਿਆਂ ਦੇ ਕਿਸਾਨਾਂ ਅਤੇ ਟਰੇਡ ਯੂਨੀਅਨਾਂ ਨੇ ਹਮਾਇਤ ਦਿੱਤੀ ਹੈ। ਇਨ੍ਹਾਂ ’ਚ ਪੂਰਾ ਉੱਤਰੀ ਭਾਰਤ ਵੀ ਸ਼ਾਮਲ ਹੈ। ਭਾਰਤ ਬੰਦ ਨੂੰ ਹਮਾਇਤ ਦੇਣ ਵਾਲਿਆਂ ’ਚ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ ਅਤੇ ਤਾਮਿਲ ਨਾਡੂ ਆਦਿ ਸ਼ਾਮਲ ਹਨ ਜਦਕਿ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਵੀ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਥੇਬੰਦੀ ਦੇ ਕੁਝ ਮੈਂਬਰਾਂ ਨੂੰ ਪੰਜਾਬ ’ਚ ਬੰਦ ਸਫ਼ਲ ਬਣਾਉਣ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ, ‘‘ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ 12 ਸੂਬਿਆਂ ’ਚ 8 ਦਸੰਬਰ ਨੂੰ ਮੁਕੰਮਲ ਬੰਦ ਰਹਿਣ ਦੀ ਸੰਭਾਵਨਾ ਹੈ। ਉੜੀਸਾ ਅਤੇ ਤਾਮਿਲ ਨਾਡੂ ਨੇ ਵੀ ਬੰਦ ਨੂੰ ਹਮਾਇਤ ਦਿੱਤੀ ਹੈ। ਗੁਜਰਾਤ ’ਚ ਬੰਦ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿਉਂਕਿ ਕਿਸੇ ਵੀ ਜਥੇਬੰਦੀ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਵੱਖ ਵੱਖ ਵਾਹਨਾਂ ’ਤੇ 500 ਦੇ ਕਰੀਬ ਕਿਸਾਨ ਇਥੇ ਅੰਦੋਲਨ ਨੂੰ ਹਮਾਇਤ ਦੇਣ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਵੀ ਅੰਦੋਲਨ ਨੂੰ ਹਮਾਇਤ ਦੇ ਰਹੀਆਂ ਹਨ। ਉਨ੍ਹਾਂ ਮੁਤਾਬਕ ਪੰਜਾਬ ’ਚ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਸਿਆਸੀ ਆਗੂ ਪ੍ਰਦਰਸ਼ਨਾਂ ਨੂੰ ਹਮਾਇਤ ਦੇ ਰਹੇ ਹਨ। ਇਕ ਹੋਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ 8 ਦਸੰਬਰ ਨੂੰ ਭਾਰਤ ਬੰਦ ਸ਼ਾਂਤਮਈ ਹੋਵੇਗਾ ਅਤੇ ਜੇਕਰ ਕੋਈ ਵਿਅਕਤੀ ਹਿੰਸਕ ਕਾਰਵਾਈਆਂ ਕਰਦਾ ਮਿਲਿਆ ਤਾਂ ਉਸ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਜਾਵੇਗਾ। ਰਾਜਸਥਾਨ ਖਾਦ ਪਦਾਰਥ ਵਪਾਰ ਸੰਘ ਦੇ ਪ੍ਰਧਾਨ ਬਾਬੂਲਾਲ ਗੁਪਤਾ ਨੇ ਕਿਹਾ ਕਿ ਰਾਜਸਥਾਨ ’ਚ 247 ਮੰਡੀਆਂ, ਤੇਲ, ਦਾਲ ਅਤੇ ਆਟਾ ਮਿੱਲਾਂ ਵੀ 8 ਦਸੰਬਰ ਨੂੰ ਬੰਦ ਰਹਿਣਗੀਆਂ।
ਇਨ੍ਹਾਂ ਤੋਂ ਇਲਾਵਾ 10 ਕੇਂਦਰੀ ਟਰੇਡ ਯੂਨੀਅਨਾਂ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ, ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ, ਹਿੰਦ ਮਜ਼ਦੂਰ ਸਭਾ, ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ, ਆਲ ਇੰਡੀਆ ਯੂਨਾਈਟਿਡ ਟਰੇਡ ਯੂਨੀਅਨ ਸੈਂਟਰ, ਟਰੇਡ ਯੂਨੀਅਨ ਕੋਆਰਡੀਨੇਸ਼ਨ ਸੈਂਟਰ, ਸੈਲਫ਼-ਐਂਪਲਾਈਡ ਵਿਮੈਨਜ਼ ਐਸੋਸੀਏਸ਼ਨ, ਆਲ ਇੰਡੀਆ ਸੈਂਟਰਲ ਕਾਊਂਸਿਲ ਆਫ਼ ਟਰੇਡ ਯੂਨੀਅਨ, ਲੇਬਰ ਪ੍ਰੋਗਰੈਸਿਵ ਫੈਡਰੇਸ਼ਨ ਅਤੇ ਯੂਨਾਈਟਿਡ ਟਰੇਡ ਯੂਨੀਅਨ ਕਾਂਗਰਸ ਦੇ ਸਾਂਝੇ ਫੋਰਮ ਵੱਲੋਂ ਵੀ ਦੇਸ਼ ਭਰ ’ਚ ਹੜਤਾਲ ਦੇ ਸੱਦੇ ਨੂੰ ਹਮਾਇਤ ਦਿੱਤੀ ਗਈ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਕੁਲਤਾਰਨ ਸਿੰਘ ਅਟਵਾਲ ਨੇ ਕਿਹਾ ਕਿ ਟਰਾਂਸਪੋਰਟ ਐਸੋਸੀਏਸ਼ਨਾਂ ਅਤੇ ਯੂਨੀਅਨਾਂ ਉੱਤਰੀ ਸੂਬਿਆਂ ’ਚ 8 ਦਸੰਬਰ ਨੂੰ ਚੱਕਾ ਜਾਮ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਮੁਲਕ ਦੇ ਅੰਨਦਾਤੇ ਹਨ ਅਤੇ ਉਨ੍ਹਾਂ ਦੇ ਹੱਕ ’ਚ ਖੜ੍ਹਨਾ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ। -ਆਈਏਐਨਐਸ