ਨੋਇਡਾ, 28 ਅਗਸਤ
ਮੁੱਖ ਅੰਸ਼
- ਟਾਵਰ 12 ਸਕਿੰਟ ’ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੇ
- ਕੁਤਬ ਮੀਨਾਰ ਤੋਂ ਉੱਚੇ ਟਾਵਰ ਵਾਟਰਫਾਲ ਤਕਨੀਕ ਰਾਹੀਂ ਮਲਬੇ ’ਚ ਤਬਦੀਲ
- ਇਲਾਕੇ ’ਚ ਫੈਲਿਆ ਧੂੜ ਦਾ ਗੁਬਾਰ
-
ਅੰਦਾਜ਼ਨ 55 ਤੋਂ 80 ਹਜ਼ਾਰ ਟਨ ਮਲਬਾ ਇਕੱਠਾ ਹੋਇਆ
ਸੁਪਰਟੈੱਕ ਕੰਪਨੀ ਦੇ ਗ਼ੈਰਕਾਨੂੰਨੀ ਢੰਗ ਨਾਲ ਬਣੇ ਕੁਤਬ ਮੀਨਾਰ (73 ਮੀਟਰ) ਤੋਂ ਉੱਚੇ ਦੋ ਟਾਵਰਾਂ (100 ਮੀਟਰ) ਨੂੰ ਅੱਜ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਧਮਾਕੇ ਕਰਕੇ ਢਹਿ-ਢੇਰੀ ਕਰ ਦਿੱਤਾ ਗਿਆ। ਰੈਜ਼ੀਡੈਂਟਸ ਐਸੋਸੀਏਸ਼ਨ ਵੱਲੋਂ ਇਨ੍ਹਾਂ ਟਾਵਰਾਂ ਦੀ ਉਸਾਰੀ ਖ਼ਿਲਾਫ਼ ਅਦਾਲਤ ’ਚ ਜਾਣ ਦੇ ਨੌਂ ਸਾਲਾਂ ਮਗਰੋਂ ਅੱਜ ਇਹ 12 ਸਕਿੰਟਾਂ ’ਚ ਹੀ ਤਾਸ਼ ਦੇ ਪੱਤਿਆਂ ਵਾਂਗ ਮਿੱਟੀ ’ਚ ਮਿਲ ਗਏ। ਨੋਇਡਾ ਦੇ ਸੈਕਟਰ 93 ਏ ਦੇ ਦੋ ਟਾਵਰਾਂ ਅਪੈਕਸ (32 ਮੰਜ਼ਿਲਾ) ਅਤੇ ਸਿਯਾਨ (29 ਮੰਜ਼ਿਲਾ) ਨੂੰ ‘ਵਾਟਰਫਾਲ ਇੰਪਲੋਜ਼ਨ’ ਤਕਨੀਕ ਦੀ ਸਹਾਇਤਾ ਨਾਲ ਡੇਗਿਆ ਗਿਆ ਅਤੇ ਇਸ ’ਚ 3700 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਟਵਿਨ ਟਾਵਰ ਦੇਸ਼ ’ਚ ਹੁਣ ਤੱਕ ਢਾਹੇ ਗਏ ਸਭ ਤੋਂ ਉੱਚੇ ਢਾਂਚੇ ਸਨ। ਜਿਵੇਂ ਹੀ ਇਮਾਰਤਾਂ ਮਲਬੇ ’ਚ ਤਬਦੀਲ ਹੋਈਆਂ ਤਾਂ ਚਾਰੇ ਪਾਸੇ ਧੂੜ ਦਾ ਗੁਬਾਰ ਫੈਲ ਗਿਆ। ਇਨ੍ਹਾਂ ਟਾਵਰਾਂ ਨੇੜਲੀਆਂ ਐਮਰਾਲਡ ਕੋਰਟ ਅਤੇ ਏਟੀਐੱਸ ਵਿਲੇਜ ਸੁਸਾਇਟੀਆਂ ਦੇ ਕਰੀਬ 5 ਹਜ਼ਾਰ ਲੋਕਾਂ ਨੇ ਧਮਾਕੇ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਘਰ ਖਾਲੀ ਕਰ ਦਿੱਤੇ ਸਨ। ਕਰੀਬ ਤਿੰਨ ਹਜ਼ਾਰ ਵਾਹਨਾਂ ਅਤੇ 150 ਤੋਂ ਜ਼ਿਆਦਾ ਪਾਲਤੂ ਜਾਨਵਰਾਂ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਧੂੜ ’ਤੇ ਪਾਣੀ ਦਾ ਛਿੜਕਾਅ ਕਰਨ ਲਈ ਐਂਟੀ ਸਮੌਗ ਗੰਨਾਂ (ਪਾਣੀ ਦਾ ਛਿੜਕਾਅ ਕਰਨ ਵਾਲੇ ਉਪਕਰਣ) ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਟਵਿਨ ਟਾਵਰ ਡੇਗਣ ਮਗਰੋਂ ਇਸ ਤੋਂ ਨਿਕਲਣ ਵਾਲੇ 55 ਤੋਂ 80 ਹਜ਼ਾਰ ਟਨ ਮਲਬੇ ਨੂੰ ਹਟਾਉਣ ’ਚ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਬਹਾਲ ਰਖਦਿਆਂ 31 ਅਗਸਤ, 2021 ਨੂੰ ਇਹ ਟਾਵਰ ਢਾਹੁਣ ਦੇ ਹੁਕਮ ਦਿੱਤੇ ਸਨ। ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਨੋਇਡਾ ਜ਼ਿਲ੍ਹਾ ਅਧਿਕਾਰੀਆਂ ਦੀ ਗੰਢ-ਤੁੱਪ ਨਾਲ ਭਵਨ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗ਼ੈਰਕਾਨੂੰਨੀ ਉਸਾਰੀ ਨਾਲ ਸਖ਼ਤੀ ਨਾਲ ਸਿੱਝਣ ਦੀ ਲੋੜ ਹੈ ਤਾਂ ਜੋ ਕਾਨੂੰਨ ਦੇ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਨੋਇਡਾ ਅਥਾਰਿਟੀ, ਜਿਸ ਨੇ ਇਮਾਰਤ ਦੇ ਨਕਸ਼ਿਆਂ ਨੂੰ ਪ੍ਰਵਾਨਗੀ ਦਿੱਤੀ ਸੀ, ਨੇ ਟਾਵਰ ਢਾਹੁਣ ਦੇ ਅਮਲ ’ਤੇ ਨਿਗਰਾਨੀ ਰੱਖੀ। ਇਨ੍ਹਾਂ ਟਾਵਰਾਂ ਦੀਆਂ 40 ਮੰਜ਼ਿਲਾਂ ਬਣਨੀਆਂ ਸਨ ਜਿਸ ’ਚ 21 ਦੁਕਾਨਾਂ ਅਤੇ 915 ਅਪਾਰਟਮੈਂਟ ਹੋਣੇ ਸਨ। ਸਿਖਰਲੀ ਅਦਾਲਤ ਨੇ ਹੁਕਮ ਦਿੱਤੇ ਸਨ ਕਿ ਸੁਪਰਟੈੱਕ ਇਨ੍ਹਾਂ ਟਾਵਰਾਂ ਨੂੰ ਡੇਗਣ ’ਚ ਆਉਣ ਵਾਲੇ ਕਰੀਬ 20 ਕਰੋੜ ਰੁਪਏ ਖ਼ਰਚੇ ਦੀ ਅਦਾਇਗੀ ਕਰੇਗੀ। ਟਵਿਨ ਟਾਵਰਾਂ ਨੂੰ ਢਾਹੁਣ ਵਾਲੀ ਕੰਪਨੀ ਐਡੀਫਿਸ ਇੰਜਨੀਅਰਿੰਗ ਨੇ ਦੱਖਣੀ ਅਫ਼ਰੀਕੀ ਕੰਪਨੀ ਜੈੱਟ ਡੈਮੋਲਿਸ਼ਨ ਨਾਲ ਮਿਲ ਕੇ ਪਹਿਲਾਂ 2020 ’ਚ ਕੋਚੀ (ਕੇਰਲਾ) ਸਥਿਤ ਮਰਾਡੂ ਕੰਪਲੈਕਸ ਨੂੰ ਢਾਹਿਆ ਸੀ ਜਿਸ ’ਚ 18 ਤੋਂ 20 ਮੰਜ਼ਿਲਾਂ ਵਾਲੇ ਚਾਰ ਰਿਹਾਇਸ਼ੀ ਭਵਨ ਸਨ। ਸਾਲ 2019 ’ਚ ਜੈੱਟ ਡੈਮੋਲਿਸ਼ਨ ਨੇ ਜੋਹੈੱਨਸਬਰਗ (ਦੱਖਣੀ ਅਫ਼ਰੀਕਾ) ’ਚ ਬੈਂਕ ਆਫ਼ ਲਿਸਬਨ ਦੀ 108 ਮੀਟਰ ਉੱਚੀ ਇਮਾਰਤ ਨੂੰ ਢਾਹਿਆ ਸੀ। -ਪੀਟੀਆਈ
ਨੋਇਡਾ ਅਥਾਰਿਟੀ ਦੀ ਪ੍ਰਵਾਨਿਤ ਯੋਜਨਾ ਮੁਤਾਬਕ ਉਸਾਰੇ ਗਏ ਸਨ ਟਾਵਰ: ਸੁਪਰਟੈੱਕ
ਨਵੀਂ ਦਿੱਲੀ: ਰਿਐਲਟੀ ਫਰਮ ਸੁਪਰਟੈੱਕ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ ਨੋਇਡਾ ’ਚ ਟਵਿਨ ਟਾਵਰ ਢਹਿ-ਢੇਰੀ ਹੋਣ ਕਾਰਨ ਉਸ ਨੂੰ ਕਰੀਬ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ’ਚ ਟਾਵਰਾਂ ਦੀ ਉਸਾਰੀ ਅਤੇ ਵਿਆਜ ਆਦਿ ਦੀ ਰਕਮ ਵੀ ਸ਼ਾਮਲ ਹੈ। ਕੰਪਨੀ ਦੇ ਚੇਅਰਮੈਨ ਆਰ ਕੇ ਅਰੋੜਾ ਨੇ ਕਿਹਾ ਕਿ ਹੋਰ ਖ਼ਰਚਿਆਂ ਤੋਂ ਇਲਾਵਾ ਦੋਵੇਂ ਟਾਵਰਾਂ ਦੇ ਖ਼ਰੀਦਦਾਰਾਂ ਨੂੰ 12 ਫ਼ੀਸਦੀ ਵਿਆਜ ਵੀ ਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ,‘‘ਦੋਵੇਂ ਟਾਵਰਾਂ ਦਾ ਖੇਤਰ ਕਰੀਬ 8 ਲੱਖ ਸਕੁਏਅਰ ਫੁੱਟ ਸੀ ਅਤੇ ਇਹ ਨੋਇਡਾ ਡਿਵੈਲਪਮੈਂਟ ਅਥਾਰਿਟੀ ਵੱਲੋਂ ਮਨਜ਼ੂਰ ਭਵਨ ਯੋਜਨਾ ਮੁਤਾਬਕ ਉਸਾਰੇ ਗਏ ਸਨ।’’ ਦੋਵੇਂ ਟਾਵਰਾਂ ਦੇ 900 ਤੋਂ ਜ਼ਿਆਦਾ ਅਪਾਰਟਮੈਂਟਾਂ ਦੀ ਬਾਜ਼ਾਰ ਕੀਮਤ 700 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਸੁਪਰਟੈੱਕ ਨੇ ਇਕ ਵੱਖਰੇ ਬਿਆਨ ’ਚ ਕਿਹਾ ਕਿ ਟਵਿਨ ਟਾਵਰ ਢਹਿ-ਢੇਰੀ ਕਰਨ ਨਾਲ ਉਨ੍ਹਾਂ ਦੇ ਹੋਰ ਪ੍ਰਾਜੈਕਟਾਂ ’ਤੇ ਕੋਈ ਅਸਰ ਨਹੀਂ ਪਵੇਗਾ। ਕੰਪਨੀ ਮੁਤਾਬਕ ਉਨ੍ਹਾਂ ਲੋਕਾਂ ਨੂੰ 70 ਹਜ਼ਾਰ ਤੋਂ ਵੱਧ ਫਲੈਟ ਮੁਹੱਈਆ ਕਰਵਾਏ ਹਨ ਅਤੇ ਬਾਕੀ ਖ਼ਰੀਦਦਾਰਾਂ ਨੂੰ ਵੀ ਫਲੈਟ ਸਮੇਂ ’ਤੇ ਦੇਣ ਪ੍ਰਤੀ ਉਹ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਨਾਲ ਹੋਰ ਪ੍ਰਾਜੈਕਟਾਂ ’ਤੇ ਕੋਈ ਅਸਰ ਨਹੀਂ ਪਵੇਗਾ। -ਪੀਟੀਆਈ
ਰੀਅਲ ਅਸਟੇਟ ਕਾਰੋਬਾਰੀਆਂ ਲਈ ਵੱਡਾ ਸਬਕ
ਨਵੀਂ ਦਿੱਲੀ: ਸੁਪਰਟੈੱਕ ਦੇ ਨੋਇਡਾ ’ਚ ਦੋ ਟਾਵਰਾਂ ਨੂੰ ਢਹਿ-ਢੇਰੀ ਕਰਨਾ ਰੀਅਲ ਅਸਟੇਟ ਕਾਰੋਬਾਰੀਆਂ ਲਈ ਵੱਡਾ ਸਬਕ ਹੈ ਕਿ ਜੇਕਰ ਉਹ ਇਮਾਰਤਸਾਜ਼ੀ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ ਤਾਂ ਜਵਾਬਦੇਹੀ ਤੈਅ ਹੋਵੇਗੀ। ਕਨਫੈਡਰੇਸ਼ਨ ਆਫ਼ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨਸ ਆਫ਼ ਇੰਡੀਆ (ਕ੍ਰਿਡਾਈ) ਦੇ ਪ੍ਰਧਾਨ ਹਰਸ਼ ਵਰਧਨ ਪਟੋਦੀਆ ਨੇ ਕਿਹਾ ਕਿ ਇਹ ਫ਼ੈਸਲਾ ਨਵੇਂ ਭਾਰਤ ਦਾ ਪ੍ਰਤੀਕ ਹੈ ਜੋ ਸੁਸ਼ਾਸਨ ਅਤੇ ਕਾਨੂੰਨ ਦੀ ਪਾਲਣਾ ਕਰਨਾ ਸਿਖਾ ਰਿਹਾ ਹੈ। ‘ਅਸੀਂ ਅਧਿਕਾਰੀਆਂ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਖੜ੍ਹੇ ਹਾਂ।’ ਉਨ੍ਹਾਂ ਕਿਹਾ ਕਿ ਜਿਹੜੇ ਨੇਮਾਂ ਦੀ ਪਾਲਣਾ ਨਹੀਂ ਕਰਦੇ ਹਨ, ਉਨ੍ਹਾਂ ਦੇ ਦਿਮਾਗ ’ਚ ਹੁਣ ਇਹ ਘਟਨਾ ਹਮੇਸ਼ਾ ਚੇਤੇ ਰਹੇਗੀ। ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਡਿਵੈਲਪਰ ਅਤੇ ਖ਼ਰੀਦਦਾਰ ਹੁਣ ਇਹਤਿਆਤ ਰੱਖਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਪ੍ਰਾਜੈਕਟਾਂ ਨੂੰ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲੀਆਂ ਹੋਣ। -ਪੀਟੀਆਈ
ਨੇੜਲੀ ਸੁਸਾਇਟੀ ਦੀ ਚਾਰਦੀਵਾਰੀ ਨੂੰ ਨੁਕਸਾਨ, ਫਲੈਟਾਂ ਦੇ ਸ਼ੀਸ਼ੇ ਟੁੱਟੇ
ਨੋਇਡਾ: ਸੁਪਰਟੈੱਕ ਦੇ ਦੋ ਟਾਵਰਾਂ ਨੂੰ ਢਾਹੁਣ ਦਾ ਅਮਲ ਸਫ਼ਲ ਰਿਹਾ ਪਰ ਇਸ ਦੌਰਾਨ ਧਮਾਕੇ ਕਾਰਨ ਨੇੜਲੀ ਸੁਸਾਇਟੀ ਏਟੀਐੱਸ ਵਿਲੇਜ ਦੀ ਕਰੀਬ 10 ਮੀਟਰ ਚਾਰਦੀਵਾਰੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਐਮਰਾਲਡ ਕੋਰਟ ਅਤੇ ਏਟੀਐੱਸ ਵਿਲੇਜ ਦੇ ਕਈ ਅਪਾਰਟਮੈਂਟਾਂ ਦੇ ਸ਼ੀਸ਼ੇ ਟੁੱਟ ਗਏ। ਅਧਿਕਾਰੀਆਂ ਨੇ ਕਿਹਾ ਕਿ ਟਵਿਨ ਟਾਵਰਾਂ ’ਚੋਂ ਲੰਘਦੀ ਗੈਸ ਅਥਾਰਿਟੀ ਆਫ਼ ਇੰਡੀਆ ਲਿਮਟਿਡ ਦੀ ਪਾਈਪਲਾਈਨ ਸੁਰੱਖਿਅਤ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਨੇੜਲੀਆਂ ਇਮਾਰਤਾਂ ਨੂੰ ਕੋਈ ਵੱਡਾ ਨੁਕਸਾਨ ਪਹੁੰਚਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਪ੍ਰਿੰਸੀਪਲ ਵਿਗਿਆਨੀ ਡੀ ਪੀ ਕਾਨੂੰਨਗੋ ਨੇ ਕਿਹਾ ਕਿ ਗੇਲ ਦੀ ਪਾਈਪਲਾਈਨ ਸੁਰੱਖਿਅਤ ਹੈ ਕਿਉਂਕਿ ਧਮਾਕਿਆਂ ਤੋਂ ਪਹਿਲਾਂ ਪਾਈਪਲਾਈਨ ’ਤੇ ਸ਼ੀਟਾਂ ਅਤੇ ਟਾਇਰ ਰੱਖ ਦਿੱਤੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਨੁਕਸਾਨ ਭਰਨ ਲਈ 100 ਕਰੋੜ ਰੁਪਏ ਦਾ ਬੀਮਾ ਕਰਵਾਇਆ ਗਿਆ ਸੀ। -ਪੀਟੀਆਈ
ਸੁਪਰਟੈੱਕ ਦੇ ਹੋਰ ਪ੍ਰਾਜੈਕਟਾਂ ਦੇ ਨਿਵੇਸ਼ਕ ਦੁਚਿੱਤੀ ’ਚ
ਗੁਰੂਗ੍ਰਾਮ/ਨੋਇਡਾ: ਸੁਪਰਟੈੱਕ ਦੇ ਦੋ ਟਾਵਰਾਂ ਨੂੰ ਭਾਵੇਂ ਢਾਹ ਦਿੱਤਾ ਗਿਆ ਹੈ ਪਰ ਕੰਪਨੀ ਦੇ ਹੋਰ ਪ੍ਰਾਜੈਕਟਾਂ ’ਚ ਨਿਵੇਸ਼ ਕਰਨ ਵਾਲੇ ਲੋਕ ਦੁਚਿੱਤੀ ’ਚ ਹਨ ਅਤੇ ਉਨ੍ਹਾਂ ਖ਼ਦਸ਼ਾ ਜਤਾਇਆ ਹੈ ਕਿ ਇਹ ਪ੍ਰਾਜੈਕਟ ਪੂਰੇ ਹੋਣਗੇ ਜਾਂ ਨਹੀਂ। ਕੌਮੀ ਰਾਜਧਾਨੀ ਖੇਤਰ ’ਚ ਆਪਣਾ ਘਰ ਲੈਣ ਦਾ ਸੁਫਨਾ ਦੇਖਣ ਵਾਲੇ ਲੋਕਾਂ ਨੇ ਹੈਰਾਨੀ ਜਤਾਉਂਦਿਆਂ ਕਿਹਾ ਹੈ ਕਿ ਟਵਿਨ ਟਾਵਰ ਢਾਹੁਣ ਦੀ ਅਸਲ ’ਚ ਸਜ਼ਾ ਕਿਸ ਨੂੰ ਮਿਲੀ ਹੈ। ਗੁਰੂਗ੍ਰਾਮ ਦੇ ਅਰੁਣ ਮਿਸ਼ਰਾ ਨੇ 2015 ’ਚ ਸੁਪਰਟੈੱਕ ਦੇ ਹਿੱਲ ਟਾਊਨ ਪ੍ਰਾਜੈਕਟ ’ਚ ਨਿਵੇਸ਼ ਕੀਤਾ ਹੈ ਅਤੇ ਉਹ ਉਦੋਂ ਤੋਂ ਕਬਜ਼ਾ ਲੈਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਫਲੈਟ 2018 ਤੱਕ ਮਿਲ ਜਾਵੇਗਾ ਪਰ ਇਹ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ,‘‘ਦੋਵੇਂ ਟਾਵਰ ਡੇਗਣ ਨਾਲ ਸਜ਼ਾ ਕਿਸ ਨੂੰ ਮਿਲੀ। ਕੀ ਗ਼ੈਰਕਾਨੂੰਨੀ ਟਾਵਰਾਂ ਨੂੰ ਸਿਰਫ਼ ਢਾਹੁਣਾ ਹੀ ਸਹੀ ਹੈ? ਬਿਲਡਰ ਨੂੰ ਜੇਲ੍ਹ ਕਿਉਂ ਨਹੀਂ ਭੇਜਿਆ ਗਿਆ? ਲੋਕਾਂ ਨੇ ਆਪਣੀ ਦਸਾਂ ਨਹੁੰਆਂ ਦੀ ਕਮਾਈ ਰਾਹੀਂ ਘਰ ਖ਼ਰੀਦਣ ਦਾ ਸੁਫ਼ਨਾ ਦੇਖਿਆ ਸੀ। ਇਸ ਦੇ ਬਦਲੇ ’ਚ ਕੀ ਮਿਲਿਆ, ਮਾਨਸਿਕ ਸਦਮਾ ਅਤੇ ਬਕਾਏ ਦੀ ਉਡੀਕ।’’ ਦੋ ਸੌ ਤੋਂ ਜ਼ਿਆਦਾ ਵਿਅਕਤੀ ਸੁਪਰਟੈੱਕ ਦੇ ਵੱਖ ਵੱਖ ਪ੍ਰਾਜੈਕਟਾਂ ’ਚ ਲੱਗਿਆ ਆਪਣਾ ਪੈਸਾ ਲੈਣ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਇਕ ਹੋਰ ਵਿਅਕਤੀ ਸਨੀ ਸਿੰਘ ਨੇ ਕਿਹਾ ਕਿ ਬਿਲਡਰ ਕੋਲ ਪਹਿਲਾਂ ਹੀ ਪੈਸਿਆਂ ਦੀ ਕਮੀ ਹੈ ਅਤੇ ਉਹ ਟਵਿਨ ਟਾਵਰ ਕੇਸ ਦੇ ਰਿਫੰਡ ਅਤੇ ਉਸ ਨੂੰ ਢਾਹੁਣ ’ਚ ਲੱਗੀ ਰਕਮ ਕਿੱਥੋਂ ਲਿਆਵੇਗਾ। ਆਈਟੀ ਪ੍ਰੋਫ਼ੈਸ਼ਨਲ ਲੋਕੇਸ਼ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਭਾਵੇਂ ਮਿਸਾਲ ਕਾਇਮ ਕਰ ਦਿੱਤੀ ਹੈ ਪਰ ਉਸ ਨੂੰ ਇਸੇ ਬਿਲਡਰ ਦੇ ਹੋਰ ਗਲਤ ਕਾਰਨਾਮਿਆਂ ਲਈ ਵੀ ਕਦਮ ਉਠਾਉਣੇ ਚਾਹੀਦੇ ਹਨ।