ਨਵੀਂ ਦਿੱਲੀ, 29 ਜੁਲਾਈ
ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਦਾਖ਼ਲ ਮਾਣਹਾਨੀ ਕੇਸ ’ਚ ਦਿੱਲੀ ਹਾਈ ਕੋਰਟ ਨੇ ਕਾਂਗਰਸ ਆਗੂਆਂ ਜੈਰਾਮ ਰਮੇਸ਼, ਪਵਨ ਖੇੜਾ ਅਤੇ ਨੇਟਾ ਡਿਸੂਜ਼ਾ ਨੂੰ ਸੰਮਨ ਜਾਰੀ ਕੀਤੇ ਹਨ। ਹਾਈ ਕੋਰਟ ਨੇ ਤਿੰਨੋਂ ਆਗੂਆਂ ਨੂੰ ਕਿਹਾ ਹੈ ਕਿ ਉਹ ਕੇਂਦਰੀ ਮੰਤਰੀ ਅਤੇ ਉਸ ਦੀ ਧੀ ਖ਼ਿਲਾਫ਼ ਲਾਏ ਗਏ ਦੋਸ਼ਾਂ ਨਾਲ ਸਬੰਧਤ ਟਵੀਟ ਅਤੇ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਪੋਸਟਾਂ ਹਟਾ ਲੈਣ। ਜੱਜ ਨੇ ਕਿਹਾ ਕਿ ਜੇਕਰ ਆਗੂ ਉਨ੍ਹਾਂ ਦੇ ਨਿਰਦੇਸ਼ 24 ਘੰਟਿਆਂ ਦੇ ਅੰਦਰ ਨਹੀਂ ਮੰਨਦੇ ਹਨ ਤਾਂ ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਜਿਹੇ ਸੋਸ਼ਲ ਮੀਡੀਆ ਪਲੈਟਫਾਰਮ ਇਰਾਨੀ ਅਤੇ ਉਸ ਦੀ ਧੀ ਖ਼ਿਲਾਫ਼ ਪਾਈ ਗਈ ਸਮੱਗਰੀ ਹਟਾ ਦੇਣ। ਮਾਮਲੇ ਦੀ ਸੁਣਵਾਈ ਰਜਿਸਟਰਾਰ ਅੱਗੇ 18 ਅਗਸਤ ਅਤੇ ਅਦਾਲਤ ’ਚ 15 ਨਵੰਬਰ ਲਈ ਸੂਚੀਬੱਧ ਕੀਤੀ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਆਪਣੇ ਅਤੇ ਧੀ ਖ਼ਿਲਾਫ਼ ਲਾਏ ਗਏ ਆਧਾਰਹੀਣ ਤੇ ਝੂਠੇ ਦੋਸ਼ਾਂ ਲਈ ਕਾਂਗਰਸ ਆਗੂਆਂ ਤੋਂ 2 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਕਾਂਗਰਸ ਆਗੂਆਂ ਨੇ ਸਮ੍ਰਿਤੀ ਇਰਾਨੀ ਦੀ 18 ਵਰ੍ਹਿਆਂ ਦੀ ਧੀ ਜ਼ੋਇਸ਼ ਇਰਾਨੀ ’ਤੇ ਗੋਆ ’ਚ ਗ਼ੈਰਕਾਨੂੰਨੀ ਢੰਗ ਨਾਲ ਬਾਰ ਚਲਾਉਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਕੇਂਦਰੀ ਮੰਤਰੀ ਨੂੰ ਕੈਬਨਿਟ ’ਚੋਂ ਹਟਾਇਆ ਜਾਵੇ। ਜੱਜ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਪੀੜਤ ਧਿਰ ਖ਼ਿਲਾਫ਼ ਲਾਏ ਗਏ ਦੋਸ਼ ਫਰਜ਼ੀ ਅਤੇ ਮਨਘੜਤ ਜਾਪਦੇ ਹਨ ਅਤੇ ਇਹ ਤੱਥਾਂ ਦੀ ਤਸਦੀਕ ਕੀਤੇ ਬਿਨਾਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਮੁੱਦਈ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੇਸ ਦੀ ਸੁਣਵਾਈ ਦੌਰਾਨ ਸਮ੍ਰਿਤੀ ਇਰਾਨੀ ਦੇ ਵਕੀਲ ਐੱਨ ਕੇ ਕੌਲ ਨੇ ਕਿਹਾ ਕਿ ਭਾਜਪਾ ਆਗੂ ਦੇਸ਼ ਦੀ ਸਤਿਕਾਰਤ ਨਾਗਰਿਕ ਹੈ ਅਤੇ ਤਿੰਨੋਂ ਕਾਂਗਰਸ ਆਗੂਆਂ ਨੇ ਉਸ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਘੜੀ ਅਤੇ 23 ਜੁਲਾਈ ਨੂੰ ਪ੍ਰੈੱਸ ਕਾਨਫਰੰਸ ਕਰਕੇ ਬਿਨਾਂ ਕਿਸੇ ਆਧਾਰ ਦੇ ਦੋਸ਼ ਲਗਾਏ। -ਪੀਟੀਆਈ