ਮੁੰਬਈ: ਇੱਥੇ ਐੱਨਡੀਪੀਐੱਸ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਕਰੂਜ਼ ਪਾਰਟੀ ਵਿੱਚ ਡਰੱਗ ਮਿਲਣ ਦੇ ਮਾਮਲੇ ’ਚ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਦਾਇਰ ਕੀਤੇ ਗਏ ਦੋਸ਼ ਪੱਤਰ ਨੂੰ ਧਿਆਨ ਵਿੱਚ ਰੱਖਦਿਆਂ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਹਨ।
ਵਿਸ਼ੇਸ਼ ਜੱਜ ਵੀ.ਵੀ. ਪਾਟਿਲ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ ਪੱਤਰ ਅਤੇ ਬਰਾਮਦ ਕੀਤੇ ਗਏ ਪਾਬੰਦੀਸ਼ੁਦਾ ਪਦਾਰਥ ਦੀ ਰਸਾਇਣਕ ਵਿਸ਼ਲੇਸ਼ਣ ਰਿਪੋਰਟ ਪੜ੍ਹੀ ਹੈ। ਇਹ ਰਿਪੋਰਟਾਂ ਪਾਜ਼ੇਟਿਵ ਹਨ ਜੋ ਕਿ ਨੋਟਿਸ ਲੈਣ ਲਈ ਕਾਫੀ ਹਨ। ਉਨ੍ਹਾਂ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਗੋਆ ਜਾ ਰਹੇ ਸਮੁੰਦਰੀ ਜਹਾਜ਼ ਵਿੱਚ ਛਾਪਾ ਮਾਰ ਕੇ ਐੱਨਸੀਬੀ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਸਣੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ ਜਦਕਿ ਸਬੂਤਾਂ ਦੀ ਘਾਟ ਕਰ ਕੇ ਆਰੀਅਨ ਖਾਨ ਸਣੇ ਛੇ ਜਣਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। 14 ਮੁਲਜ਼ਮਾਂ ਵਿੱਚੋਂ ਦੋ ਜੇਲ੍ਹ ਵਿੱਚ ਹਨ, ਜਦਕਿ ਬਾਕੀ ਸਾਰੇ ਜ਼ਮਾਨਤ ’ਤੇ ਬਾਹਰ ਹਨ। -ਪੀਟੀਆਈ