ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਆਰਡੀਨੈਂਸਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ’ਤੇ ਗੁੰਮਰਾਹਕੁਨ ਬਿਆਨਬਾਜ਼ੀ ਕਰਨ ਦੇ ਦੋਸ਼ ਲਗਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਖੇਤੀ ਆਰਡੀਨੈਂਸਾਂ ਦੀ ਜ਼ੋਰਦਾਰ ਵਕਾਲਤ ਕਰਦੇ ਆ ਰਹੇ ਬਾਦਲ ਅਚਾਨਕ ਵਿਰੋਧ ਕਰਨ ਲੱਗੇ ਹਨ, ਪਰੰਤੂ ਅਸਲੀਅਤ ’ਚ ਇਹ ਵਿਰੋਧ ਦਿਖਾਵੇ ਅਤੇ ਧੋਖੇ ਤੋਂ ਵਧ ਕੇ ਕੁੱਝ ਵੀ ਨਹੀਂ। ਮਾਨ ਨੇ ਕਿਹਾ ਕਿ ਬਾਦਲਾਂ ਵੱਲੋਂ ਜਿਵੇਂ ਪਹਿਲਾਂ ਖੇਤੀ ਆਰਡੀਨੈਂਸਾਂ ਦੇ ਹੱਕ ’ਚ ਬੋਲ-ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਸੇ ਤਰ੍ਹਾਂ ਹੁਣ ਵਿਰੋਧ ਦਾ ਦਿਖਾਵਾ ਵੀ ਗੁੰਮਰਾਹਕੁਨ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ 17 ਸਤੰਬਰ ਨੂੰ ਟਰੈਕਟਰ ਮਾਰਚ ਰਾਹੀਂ ਬਾਦਲ ਪਿੰਡ ’ਚ ਜਾ ਕੇ ਹਿਸਾਬ ਮੰਗੇਗੀ।