ਨਵੀਂ ਦਿੱਲੀ, 1 ਨਵੰਬਰ
ਜੇਲ੍ਹ ’ਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ ਉੱਪ ਰਾਜਪਾਲ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ‘ਆਪ’ ਆਗੂ ਸਤੇਂਦਰ ਜੈਨ ਨੇ ਜੇਲ੍ਹ ’ਚ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ 2019 ’ਚ 10 ਕਰੋੜ ਰੁਪਏ ਵਸੂਲੇ ਸਨ। ਚੰਦਰਸ਼ੇਖਰ ਦੇ ਇਸ ਦਾਅਵੇ ਤੋਂ ਬਾਅਦ ‘ਆਪ’ ਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਭਖ਼ ਗਈ ਹੈ।
ਚੰਦਰਸ਼ੇਖਰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ’ਚ ਇੱਥੋਂ ਦੀ ਮੰਡੋਲੀ ਜੇਲ੍ਹ ’ਚ ਬੰਦ ਹੈ ਤੇ ਉਸ ਨੇ ਆਪਣੇ ਵਕੀਲ ਅਸ਼ੋਕ ਕੇ ਸਿੰਘ ਰਾਹੀਂ 8 ਅਕਤੂਬਰ ਨੂੰ ਉੱਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਇਹ ਦੋਸ਼ ਲਾਏ ਹਨ। ਐੱਲਜੀ ਦਫ਼ਤਰ ਦੇ ਸੂਤਰਾਂ ਅਨੁਸਾਰ ਚੰਦਰਸ਼ੇਖਰ ਦਾ ਪੱਤਰ ਦਫ਼ਤਰ ਨੂੰ ਮਿਲਿਆ ਸੀ ਤੇ ਉਸ ਨੂੰ ਕਾਰਵਾਈ ਲਈ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਕੋਲ ਭੇਜ ਦਿੱਤਾ ਗਿਆ ਹੈ। ਪੱਤਰ ’ਚ ਦੋਸ਼ ਲਾਇਆ ਗਿਆ ਹੈ ਕਿ ਚੰਦਰਸ਼ੇਖਰ ਨੂੰ ਦੱਖਣੀ ਖੇਤਰ ’ਚ ਪਾਰਟੀ ਵਿੱਚ ਕੋਈ ਅਹਿਮ ਅਹੁਦਾ ਦੇਣ ਅਤੇ ਰਾਜ ਸਭਾ ਲਈ ਨਾਮਜ਼ਦਗੀ ’ਚ ਮਦਦ ਲਈ ‘ਆਪ’ ਨੂੰ 50 ਕਰੋੜ ਰੁਪਏ ਤੋਂ ਵੱਧ ਰਾਸ਼ੀ ਦਿੱਤੀ ਗਈ ਹੈ। ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ 2017 ’ਚ ‘ਦੋ ਪੱਤੀ ਚੋਣ ਨਿਸ਼ਾਨ ਭ੍ਰਿਸ਼ਟਾਚਾਰ ਮਾਮਲੇ’ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਬੰਦ ਕਰ ਦਿੱਤਾ ਗਿਆ ਸੀ ਤੇ ਜੈਨ ਨੇ ਉਸ ਨਾਲ ਮੁਲਾਕਾਤ ਕੀਤੀ ਸੀ ਜੋ ਉਸ ਸਮੇਂ ਜੇਲ੍ਹ ਮੰਤਰੀ ਸਨ। ਤਿਹਾੜ ਜੇਲ੍ਹ ਦਾ ਕੰਮਕਾਰ ਦਿੱਲੀ ਸਰਕਾਰ ਦਾ ਜੇਲ੍ਹ ਵਿਭਾਗ ਦੇਖਦਾ ਹੈ। ਚੰਦਰਸ਼ੇਖਰ ਨੇ ਦੋਸ਼ ਲਾਇਆ, ‘ਇਸ ਤੋਂ ਬਾਅਦ 2019 ’ਚ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਸਕੱਤਰ ਤੇ ਕਰੀਬੀ ਦੋਸਤ ਸੁਸ਼ੀਲ ਨੇ ਦੁਬਾਰਾ ਜੇਲ੍ਹ ’ਚ ਮੁਲਾਕਾਤ ਕੀਤੀ ਤੇ ਮੈਨੂੰ ਜੇਲ੍ਹ ’ਚ ਸੁਰੱਖਿਅਤ ਰੱਖਣ ਅਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਨ ਲਈ ਹਰ ਮਹੀਨੇ ਦੋ ਕਰੋੜ ਰੁਪਏ ਦੇਣ ਲਈ ਕਿਹਾ।’ ਉਸ ਨੇ ਦੋਸ਼ ਲਾਇਆ ਕਿ ਜੈਨ ਨੇ 1.50 ਕਰੋੜ ਰੁਪਏ ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੂੰ ਦੇਣ ਲਈ ਵੀ ਕਿਹਾ ਸੀ। ਉਸ ਨੇ ਕਿਹਾ, ‘ਇਸ ਤਰ੍ਹਾਂ ਸਤੇਂਦਰ ਜੈਨ ਨੂੰ ਕੁੱਲ 10 ਕਰੋੜ ਰੁਪਏ ਤੇ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੂੰ 12.50 ਕਰੋੜ ਰੁਪਏ ਦਿੱਤੇ ਗਏ।’ ਉਸ ਨੇ ਕਿਹ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਇਨ੍ਹਾਂ ਦੋਸ਼ਾਂ ਬਾਰੇ ਗੋਇਲ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਚੰਦਰਸ਼ੇਖਰ ਨੇ ਕਿਹਾ ਕਿ ਉਸ ਨੇ ਇਸ ਦੀ ਸੀਬੀਆਈ ਜਾਂਚ ਲਈ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਅਦਾਲਤ ਨੇ ਇਸ ਮਾਮਲੇ ’ਚ ਨੋਟਿਸ ਜਾਰੀ ਕਰ ਦਿੱਤਾ ਤੇ ਸੁਣਵਾਈ ਅਗਲੇ ਮਹੀਨੇ ਹੋਵੇਗੀ। ਉਸ ਨੇ ਐੱਲਜੀ ਨੂੰ ਮਾਮਲੇ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਜੈਨ ਵੀ ਤਿਹਾੜ ਜੇਲ੍ਹ ਬੰਦ ਹਨ ਤੇ ਉਹ ਡੀਜੀ ਜੇਲ੍ਹਾਂ ਤੇ ਜੇਲ੍ਹ ਪ੍ਰਸ਼ਾਸਨ ਰਾਹੀਂ ਉਸ ’ਤੇ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾ ਰਹੇ ਹਨ।
ਮੋਰਬੀ ਘਟਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼: ਕੇਜਰੀਵਾਲ
ਕੇਜਰੀਵਾਲ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ, ‘ਪੰਜਾਬ ਚੋਣਾਂ ਤੋਂ ਪਹਿਲਾ ਉਹ ਕੁਮਾਰ ਵਿਸ਼ਵਾਸ ਨਾਲ ਆਏ। ਹੁਣ ਭਾਜਪਾ ਨੇ ਗੁਜਰਾਤ ’ਚ ਆਪਣੀ ਖਰਾਬ ਹਾਲਤ ਕਾਰਨ ਸੁਕੇਸ਼ ਨੂੰ ਖੜ੍ਹਾ ਕੀਤਾ ਹੈ। ਇਹ ਮੋਰਬੀ ਘਟਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਭਾਜਪਾ ਗੁਜਰਾਤ ’ਚ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਉਸ ਨੇ ਜਨਤਾ ਦਾ ਧਿਆਨ ਭਟਕਾਉਣ ਲਈ ਇੱਕ ਗੈਂਸਸਟਰ ਨੂੰ ਅੱਗੇ ਕੀਤਾ ਹੈ। -ਪੀਟੀਆਈ
‘ਆਪ’ ਨੇ ਠੱਗ ਨਾਲ ਠੱਗੀ ਕੀਤੀ: ਭਾਜਪਾ
ਚੰਦਰਸ਼ੇਖਰ ਦੇ ਇਸ ਪੱਤਰ ਤੋਂ ਬਾਅਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਇੱਕ ਠੱਗ ਨਾਲ ਠੱਗੀ ਕੀਤੀ ਹੈ। ਪਾਤਰਾ ਨੇ ਕਿਹਾ, ‘ਠੱਗ ਦੇ ਘਰ ਠੱਗੀ ਕਰ ਲਈ ਤੇ ਠੱਗ ਦਾ ਨਾਂ ਹੈ ਸੁਕੇਸ਼ ਚੰਦਰਸ਼ੇਖਰ ਅਤੇ ਠੱਗ ਦੇ ਘਰ ਠੱਗੀ ਕਰਨ ਵਾਲੇ ਦਾ ਨਾਂ ਆਮ ਆਦਮੀ ਪਾਰਟੀ ਤੇ ਸਤੇਂਦਰ ਜੈਨ ਹੈ।’