ਮੁੰਬਈ, 6 ਜਨਵਰੀ
ਬੰਬੇ ਹਾਈ ਕੋਰਟ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਪਟੀਸ਼ਨ ਵਿਚ ਸੋਧ ਕਰਨ ਲਈ ਹੋਰ ਸਮਾਂ ਦੇ ਦਿੱਤਾ ਹੈ। ਇੰਟੀਰੀਅਰ ਡਿਜ਼ਾਈਨਰ ਖ਼ੁਦਕੁਸ਼ੀ ਕੇਸ ਵਿਚ ਅਰਨਬ ਤੇ ਦੋ ਹੋਰਾਂ ਖ਼ਿਲਾਫ਼ ਦਾਇਰ ਚਾਰਜਸ਼ੀਟ ਨੂੰ ਵੀ ਅਦਾਲਤੀ ਰਿਕਾਰਡ ਵਿਚ ਦਰਜ ਕਰ ਲਿਆ ਗਿਆ ਹੈ। ਗੋਸਵਾਮੀ ਤੇ ਦੋ ਹੋਰ ਮੁਲਜ਼ਮਾਂ- ਫਿਰੋਜ਼ ਸ਼ੇਖ਼ ਤੇ ਨਿਤੀਸ਼ ਸ਼ਾਰਦਾ ਨੇ ਭਲਕੇ ਅਲੀਬਾਗ ਦੀ ਅਦਾਲਤ ਵਿਚ ਪੇਸ਼ ਹੋਣਾ ਹੈ। ਇਨ੍ਹਾਂ ਨੂੰ ਦਸੰਬਰ 2020 ਵਿਚ ਸੰਮਨ ਭੇਜੇ ਗਏ ਸਨ। ਪਿਛਲੇ ਸਾਲ ਨਵੰਬਰ ਵਿਚ ਗੋਸਵਾਮੀ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਆਪਣੇ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ। ਮਗਰੋਂ ਉਸ ਨੇ ਪਟੀਸ਼ਨ ਵਿਚ ਸੋਧ ਦੀ ਮੰਗ ਕੀਤੀ ਸੀ ਤਾਂ ਕਿ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਨੂੰ ਚੁਣੌਤੀ ਦਿੱਤੀ ਜਾ ਸਕੇ। ਹਾਈ ਕੋਰਟ ਨੇ ਦਸੰਬਰ ਵਿਚ ਇਸ ਦੀ ਇਜਾਜ਼ਤ ਦੇ ਦਿੱਤੀ ਸੀ। ਗੋਸਵਾਮੀ ਦੇ ਵਕੀਲ ਨੇ ਸੋਧ ਕਰਨ ਲਈ ਹੁਣ ਹੋਰ ਸਮਾਂ ਮੰਗਿਆ ਹੈ। ਹਾਈ ਕੋਰਟ ਹੁਣ ਪਟੀਸ਼ਨ ’ਤੇ 11 ਫਰਵਰੀ ਨੂੰ ਸੁਣਵਾਈ ਕਰੇਗਾ। –ਪੀਟੀਆਈ
ਟੀਆਰਪੀ ਕੇਸ: ਰਿਪਬਲਿਕ ਟੀਵੀ ਤੇ ਅਰਨਬ ਖ਼ਿਲਾਫ਼ ਸਬੂਤ ਮਿਲਿਆ
ਮੁੰਬਈ: ਮੁੰਬਈ ਪੁਲੀਸ ਨੇ ਅੱਜ ਬਾਂਬੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਟੀਆਰਪੀ ਘੁਟਾਲਾ ਕੇਸ ਵਿੱਚ ਰਿਪਬਲਿਕ ਟੀਵੀ ਅਤੇ ਇਸ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਖ਼ਿਲਾਫ਼ ਕੁਝ ਸਬੂਤ ਮਿਲਿਆ ਹੈ ਤੇ ਇਸ ਲਈ ਉਹ ਨਹੀਂ ਚਾਹੁੰਦੀ ਕਿ ਕਿਸੇ ਸਖ਼ਤ ਕਾਰਵਾਈ ਤੋਂ ਉਨ੍ਹਾਂ ਨੂੰ ਸੁਰੱਖਿਆ ਮਿਲਦੀ ਰਹੇ। ਹਾਲਾਂਕਿ ਹਾਈ ਕੋਰਟ ਨੇ ਅੱਜ ਕਿਸੇ ਵੀ ਦਲੀਲ ਨੂੰ ਸੁਣੇ ਬਿਨਾਂ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਇਸ ਦੌਰਾਨ ਮੁੰਬਈ ਪੁਲੀਸ ਨੇ 15 ਜਨਵਰੀ ਤੱਕ ਅਗਲੀ ਸੁਣਵਾਈ ਤੱਕ ਕਿਸੇ ਪ੍ਰਕਾਰ ਦੀ ਸਖ਼ਤ ਕਾਰਵਾਈ ਨਾ ਕਰਨ ਦਾ ਭਰੋਸਾ ਦਿਵਾਇਆ ਹੈ। –ਪੀਟੀਆਈ