ਜੋਧਪੁਰ, 4 ਨਵੰਬਰ
ਪੀਵਲਾ ਪਿੰਡ ਵਿੱਚ ਇੱਕ 38 ਸਾਲਾ ਵਿਅਕਤੀ ਨੇ ਆਪਣੇ ਪਰਿਵਾਰ ਦੇ ਚਾਰ ਜੀਆਂ ਦੀ ਹੱਤਿਆ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਲੋਹਾਵਤ ਥਾਣੇ ਦੇ ਐੱਸਐੱਚਓ ਬਦਰੀ ਪ੍ਰਸਾਦ ਨੇ ਦੱਸਿਆ ਕਿ ਸ਼ੰਕਰ ਲਾਲ ਨੇ ਖੇਤਾਂ ਵਿੱਚ ਕੰਮ ਕਰਦੇ ਆਪਣੇ ਪਿਤਾ ਸੋਨਾ ਰਾਮ (65) ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਗਰੋਂ ਉਸ ਨੇ ਮਾਤਾ ਚੰਪਾ (55) ਅਤੇ ਆਪਣੇ ਪੁੱਤਰਾਂ ਲਕਸ਼ਮਣ (14) ਤੇ ਦਿਨੇਸ਼ (8) ਦੀ ਵੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਚਾਰਾਂ ਦੀ ਹੱਤਿਆ ਕਰਨ ਮਗਰੋਂ ਸ਼ੰਕਰਲਾਲ ਸਾਰੀਆਂ ਲਾਸ਼ਾਂ ਆਪਣੇ ਘਰ ਦੀ ਪਾਣੀ ਵਾਲੀ ਟੈਂਕੀ ਵਿੱਚ ਪਾ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ, ਜਿੱਥੇ ਉਸ ਨੇ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਐੱਸਐੱਚਓ ਨੇ ਦੱਸਿਆ ਕਿ ਸ਼ੰਕਰ ਲਾਲ ਅਫੀਮ ਖਾਂਦਾ ਸੀ। ਪੁਲੀਸ ਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਸ਼ੀਲਾ ਪਦਾਰਥ ਦਿੱਤਾ ਸੀ। ਹਾਦਸੇ ਵੇਲੇ ਘਰ ਵਿੱਚ ਮੌਜੂਦ ਉਸ ਦੀ ਪਤਨੀ ਅਤੇ ਹੋਰ ਲੋਕਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਲੱਗਿਆ। ਪੁਲੀਸ ਨੇ ਅੱਜ ਪਾਣੀ ਵਾਲੀ ਟੈਂਕੀ ‘ਚੋਂ ਸਾਰੀਆਂ ਲਾਸ਼ਾਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ