ਨਵੀਂ ਦਿੱਲੀ, 3 ਨਵੰਬਰ
ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਤੇ ਭਾਰਤੀ ਹਵਾਈ ਸੈਨਾ ਨੇ ਦੇਸ਼ ਵਿਚ ਹੀ ਵਿਕਸਿਤ ਸਮਾਰਟ ਐਂਟੀ-ਏਅਰਫੀਲਡ ਹਥਿਆਰਾਂ ਦੀਆਂ ਦੋ ਟੈਸਟ ਫਲਾਈਟਾਂ ਦਾ ਸਫ਼ਲਤਾ ਨਾਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਰਾਜਸਥਾਨ ਦੇ ਜੈਸਲਮੇਰ ਵਿਚ ਕੀਤੇ ਗਏ ਹਨ। ਇਹ ਹਥਿਆਰ ਸੈਟੇਲਾਈਟ ਨੇਵੀਗੇਸ਼ਨ ਤੇ ਇਲੈਕਟ੍ਰੋ-ਆਪਟੀਕਲ ਸੈਂਸਰਾਂ ਉਤੇ ਕੰਮ ਕਰਦੇ ਹਨ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਲੈਕਟ੍ਰੋ-ਆਪਟੀਕਲ ਅਧਾਰਿਤ ਇਸ ਤਰ੍ਹਾਂ ਦੇ ਬੰਬਾਂ ਦਾ ਪਹਿਲੀ ਵਾਰ ਟੈਸਟ ਕੀਤਾ ਗਿਆ ਹੈ। ਸੈਂਸਰ ਵੀ ਦੇਸ਼ ਵਿਚ ਹੀ ਵਿਕਸਿਤ ਕੀਤੇ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਇਹ ਹਥਿਆਰ ਏਅਰ ਫੋਰਸ ਦੇ ਇਕ ਜਹਾਜ਼ ਵਿਚੋਂ ਜੈਸਲਮੇਰ ਦੀ ਚੰਦਨ ਰੇਂਜ ਵਿਚ ਲਾਂਚ ਕੀਤੇ ਗਏ। ਇਹ ਪ੍ਰੀਖਣ 28 ਅਕਤੂਬਰ ਤੇ ਤਿੰਨ ਨਵੰਬਰ ਨੂੰ ਹੋਏ ਹਨ। ਇਸ ਦੌਰਾਨ ਮਿੱਥੇ ਨਿਸ਼ਾਨੇ ਸਟੀਕ ਢੰਗ ਨਾਲ ਫੁੰਡੇ ਗਏ। -ਪੀਟੀਆਈ