ਬਾਲਾਸੌਰ, 29 ਜੂਨ
ਭਾਰਤ ਨੇ ਉੜੀਸਾ ਕੰਢੇ ਨੇੜੇ ਚਾਂਦੀਪੁਰ ਸਥਿਤ ਪ੍ਰੀਖਣ ਰੇਂਜ (ਆਈਟੀਆਰ) ਤੋਂ ਦੇਸ਼ ’ਚ ਵਿਕਸਤ ਤੇਜ਼ ਰਫ਼ਤਾਰ ਨਾਲ ਵਿਸਥਾਰਿਤ ਟੀਚੇ ਵਾਲੇ ਮਨੁੱਖ ਰਹਿਤ ਜਹਾਜ਼ ‘ਅਭਿਆਸ’ ਦਾ ਸਫ਼ਲ ਪ੍ਰੀਖਣ ਕੀਤਾ। ਬਿਆਨ ’ਚ ਕਿਹਾ ਗਿਆ ਕਿ ਜਹਾਜ਼ ਨੇ ਘੱਟ ਉਚਾਈ ’ਤੇ ਉਡਾਣ ਭਰੀ ਜਿਸ ਨੂੰ ਲਗਾਤਾਰ ਕਾਇਮ ਰੱਖਿਆ ਗਿਆ। ਇਸ ’ਚ ਕਿਹਾ ਗਿਆ ਕਿ ਪ੍ਰੀਖਣ ਦੀ ਨਿਗਰਾਨੀ ਆਈਟੀਆਰ ਵੱਲੋਂ ਤਾਇਨਾਤ ਰਾਡਾਰ ਤੇ ਇਲੈਕਟਰੋ ਆਪਟੀਕਲ ਟਾਰਗੈਟਿੰਗ ਸਿਸਟਮ ਸਮੇਤ ਹੋਰ ਉਪਕਰਨਾਂ ਰਾਹੀਂ ਕੀਤੀ ਗਈ। ਡੀਆਰਡੀਓ ਦੇ ਐਰੋਨੌਟੀਕਲ ਵਿਕਾਸ ਵਿਭਾਗ ਨੇ ‘ਅਭਿਆਸ’ ਦਾ ਡਿਜ਼ਾਈਨ ਤਿਆਰ ਕੀਤਾ ਹੈ ਅਤੇ ਜਹਾਜ਼ ਨੂੰ ਵਿਕਸਤ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਹਥਿਆਰਬੰਦ ਬਲਾਂ ਨੂੰ ‘ਅਭਿਆਸ’ ਦੇ ਸਫ਼ਲ ਉਡਾਣ ਪ੍ਰੀਖਣ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਦੇ ਵਿਕਾਸ ਨਾਲ ਹਵਾਈ ਟੀਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਮਦਦ ਮਿਲੇਗੀ। -ਪੀਟੀਆਈ