ਬਾਲਾਸੋਰ (ਉੜੀਸਾ): ਭਾਰਤ ਨੇ ਆਪਣੀ ਆਧੁਨਿਕ ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ‘ਅਗਨੀ ਪ੍ਰਾਈਮ’ ਮਿਜ਼ਾਈਲ ਦੀ ਉੜੀਸਾ ਤੱਟ ’ਤੇ ਸਥਿਤ ਫੌਜੀ ਅੱਡੇ ਤੋਂ ਅੱਜ ਸਫ਼ਲ ਅਜ਼ਮਾਇਸ਼ ਕੀਤੀ ਹੈ। ਇਸ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਵਧਾਈ ਦਿੱਤੀ ਹੈ। ਡੀਆਰਡੀਓ ਨੇ ਇੱਕ ਅਧਿਕਾਰਤ ਬਿਆਨ ’ਚ ਦੱਸਿਆ ਕਿ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦੀ ਮਾਰ ਕਰਨ ਦੀ ਸਮਰੱਥਾ 1000 ਤੋਂ 2000 ਹਜ਼ਾਰ ਕਿਲੋਮੀਟਰ ਦੀ ਹੈ। ਡੀਆਰਡੀਓ ਨੇ ਦੱਸਿਆ ਕਿ ਇਹ ਮਿਜ਼ਾਈਲ ਅਗਨੀ ਲੜੀ ਦੀ ਉੱਨਤ ਕਿਸਮ ਹੈ ਜਿਸ ਦੀ ਅਜ਼ਮਾਇਸ਼ ਅੱਜ ਸਵੇਰੇ 10.45 ਵਜੇ ਉੜੀਸਾ ਦੇ ਅਬਦੁਲ ਕਲਾਮ ਦੀਪ ਤੋਂ ਕੀਤੀ ਗਈ ਹੈ। ਤੱਟੀ ਹਿੱਸੇ ’ਤੇ ਲੱਗੇ ਟਰੈਕਿੰਗ ਰਡਾਰ ਤੇ ਟੈਲੀਮੈਟਰੀ ਰਾਹੀਂ ਇਸ ਦੇ ਪੰਥ ਦੀ ਨਿਗਰਾਨੀ ਕੀਤੀ ਗਈ ਹੈ। ਉੱਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਗਨੀ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਲਈ ਡੀਆਰਡੀਓ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ‘ਅਗਨੀ ਮਿਜ਼ਾਈਲਾਂ ਦੀ ਲੜੀ ’ਚ ਉੱਚ ਤਕਨੀਕ ਵਾਲੀ ਅਗਨੀ ਪੀ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਲਈ ਡੀਆਡੀਓ ਇੰਡੀਆ ਨੂੰ ਵਧਾਈ।’ -ਪੀਟੀਆਈ