ਆਦਿਤੀ ਟੰਡਨ
ਨਵੀਂ ਦਿੱਲੀ, 7 ਅਕਤੂਬਰ
ਊਧਮਪੁਰ ਦੇ 12 ਨਿੱਕੇ ਬੱਚਿਆਂ ਦੇ ਪਰਿਵਾਰਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ ਹੈ। ਇਨ੍ਹਾਂ ਬਾਲਾਂ ਦੀ ਸਾਲ 2020 ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ ਸਥਿਤ ਡਿਜੀਟਲ ਵਿਜ਼ਨ ਫਾਰਮਾ ਵਿਚ ਨਿਰਮਤ ਡਾਇਥਲੀਨ ਗਲਾਈਕੋਲ ਯੁਕਤ ਖੰਘ ਦਾ ਸਿਰਪ ਪੀਣ ਮਗਰੋਂ ਮੌਤ ਹੋ ਗਈ ਸੀ। ਸਿਰਪ ਨੇ ਨਾ ਸਿਰਫ਼ ਦਰਜਨ ਬੱਚਿਆਂ ਨੂੰ ਮੌਤ ਦੇ ਮੂੰਹ ਪਾਇਆ, ਬਲਕਿ ਕਈ ਹੋਰਨਾਂ ਨੂੰ ਸਰੀਰਕ ਤੌਰ ’ਤੇ ਨਕਾਰਾ ਕਰ ਦਿੱਤਾ। ਬੱਚਿਆਂ ਨੂੰ ਇਸ ਮਾਰੂ ਰਸਾਇਣ ਦੀ ਅਜੇ ਤੱਕ ਮਾਰ ਝੱਲਣੀ ਪੈ ਰਹੀ ਹੈ। ਵਿਸ਼ਵ ਸਿਹਤ ਸੰਸਥਾ ਵੱਲੋਂ ਗਾਂਬੀਆ ਦੇ 66 ਬੱਚਿਆਂ ਦੀ ਮੌਤ ਨੂੰ ਸੋਨੀਪਤ ਅਧਾਰਿਤ ਮੇਡਨ ਫਾਰਮਾ ਵੱਲੋਂ ਤਿਆਰ ਮਿਲਾਵਟੀ ਖੰਘ ਸਿਰਪਾਂ ਨਾਲ ਜੋੜਨ ਮਗਰੋਂ ਊਧਮਪੁਰ ਦੇ ਨਿੱਕੇ ਬੱਚਿਆਂ ਦੀਆਂ ਮੌਤਾਂ ਦਾ ਮਾਮਲਾ ਮੁੜ ਚਰਚਾ ਵਿੱਚ ਹੈ।
ਜੰਮੂ ਕਸ਼ਮੀਰ ਪੁਲੀਸ ਨੇ 4 ਮਾਰਚ 2020 ਨੂੰ ਇਸ ਮਾਮਲੇ ਦੀ ਜਾਂਚ ਲਈ ‘ਸਿਟ’ ਕਾਇਮ ਕੀਤੀ ਸੀ। ਤਤਕਾਲੀਨ ਐੱਸਐੱਸਪੀ ਰਾਜੀਵ ਪਾਂਡੇ ਨੇ ‘ਸਿਟ’ ਦੀ ਕਾਇਮੀ ਲਈ ਜਾਰੀ ਹੁਕਮਾਂ ਵਿੱਚ ਰਾਮਨਗਰ ਵਿੱਚ ਪੰਜ ਮੁਲਜ਼ਮਾਂ ਖਿਲਾਫ਼ ਨਿਰਧਾਰਿਤ ਸਮੇਂ ’ਚ ਜਾਂਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਗੱਲ ਨੂੰ 31 ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਦੋਸ਼ਪੱਤਰ ਦਾਖ਼ਲ ਨਹੀਂ ਕੀਤਾ ਗਿਆ। ‘ਸਿਟ’ ਦੇ ਮੌਜੂਦਾ ਸਟੇਟਸ ਬਾਰੇ ਪੁੱਛਣ ’ਤੇ ਐੱਸਐੱਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਚਾਰਜਸ਼ੀਟ ਅਗਲੇ ਇਕ-ਦੋ ਹਫ਼ਤਿਆਂ ਵਿੱਚ ਦਾਖ਼ਲ ਕਰ ਦਿੱਤੀ ਜਾਵੇਗੀ। ਜਾਂਚ ਵਿੱਚ ਦੇਰੀ ਬਾਰੇ ਪੁੱਛਣ ’ਤੇ ਕੁਮਾਰ ਨੇ ਕਿਹਾ ਕਿ ਮੈਂਬਰਾਂ ਦੇ ਤਬਾਦਲੇ ਕਰਕੇ ‘ਸਿਟ’ ਨਵੇਂ ਸਿਰੇ ਤੋਂ ਕਾਇਮ ਕਰਨੀ ਪਈ। ਮੌਜੂਦਾ ਸਮੇਂ ਸਿਟ ਦੀ ਅਗਵਾਈ ਕਰ ਰਹੇ ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਰਾਮਨਗਰ (ਊਧਮਪੁਰ) ਬਿਸ਼ਿਮ ਦੂਬੇ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਦੋਸ਼ ਨਿਰਧਾਰਿਤ ਕਰਨ ਮਗਰੋਂ ਚਾਰਜਸ਼ੀਟ ਅਗਲੇ ਸੱਤ ਤੋਂ ਦਸ ਦਿਨਾਂ ਅੰਦਰ ਸੈਸ਼ਨ ਕੋਰਟ ’ਚ ਦਾਖਲ ਕਰ ਦਿੱਤੀ ਜਾਵੇਗੀ।
ਕੇਸ ਦੇ ਸਾਰੇ ਮੁਲਜ਼ਮ ਜ਼ਮਾਨਤ ’ਤੇ
ਕੇਸ ਦੇ ਸਾਰੇ ਪੰਜ ਮੁਲਜ਼ਮ ਰਾਮਨਗਰ ਦਾ ਕੈਮਿਸਟ ਮਹਿੰਦਰ ਸਿੰਘ, ਜਿਸ ਨੇ ਬੱਚਿਆਂ ਲਈ ਸਿਰਪ ਦਾ ਨੁਸਖਾ ਲਿਖਿਆ; ਜਾਂਡਿਆਲ ਫਾਰਮਾਸਿਊਟੀਕਲਜ਼ ਦਾ ਵਰਿੰਦਰ ਜਾਂਡਿਆਲ, ਜਿਸ ਨੇ ਸਿੰਘ ਨੂੰ ਖੰਘ ਦੀ ਸਿਰਪ ਵੇਚੀ; ਅਤੇ ਕਾਲਾ ਅੰਬ ਅਧਾਰਿਤ ਡਿਜੀਟਲ ਵਿਜ਼ਨ ਤੇ ਅੰਬਾਲਾ ਅਧਾਰਿਤ ਓਰੀਸਨ ਫਾਰਮਾਸਿਊਟੀਕਲਜ਼ ਦੇ ਪਰਸ਼ੋਤਮ ਲਾਲ ਗੋਇਲ ਤੇ ਉਨ੍ਹਾਂ ਦੇ ਪੁੱਤਰ ਮਾਨਿਕ ਤੇ ਕਨਿਕ ਗੋਇਲ, ਜ਼ਮਾਨਤ ’ਤੇ ਹਨ। ਜੰਮੂ ਅਧਾਰਿਤ ਸਮਾਜਿਕ ਕਾਰਕੁਨ ਸੁਕੇਸ਼ ਖਜੂਰੀਆ, ਜਿਸ ਦੀ ਪਟੀਸ਼ਨ ’ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੀੜਤ ਪਰਿਵਾਰਾਂ ਨੂੰ 3-3 ਲੱਖ ਦਾ ਮੁਆਵਜ਼ਾ ਦੇਣ ਦੀ ਹਦਾਇਤ ਕੀਤੀ ਸੀ, ਨੇ ਕਿਹਾ ਕਿ ਇਨ੍ਹਾਂ ਵਿਚੋਂ ਮਹਿੰਦਰ ਸਿੰਘ ਥੋੜ੍ਹਾ ਸਮਾਂ ਜੇਲ੍ਹ ਵਿੱਚ ਰਿਹਾ, ਪਰ ਗੋਇਲ ਪਰਿਵਾਰ ਕਦੇ ਜੇਲ੍ਹ ਨਹੀਂ ਗਿਆ।