ਨਵੀਂ ਦਿੱਲੀ, 1 ਮਈ
ਸੀਬੀਐੱਸਈ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਦੂਜੀ ਟਰਮ ਦੀਆਂ ਪ੍ਰੀਖਿਆਵਾਂ ਜੂਨ ਦੇ ਅੱਧ ਤੱਕ ਚੱਲਣਗੀਆਂ ਤੇ ਪੂਰੇ ਮੁਲਕ ’ਚੋਂ ਲਗਪਗ 35 ਲੱਖ ਵਿਦਿਆਰਥੀਆਂ ਨੇ ਇਨ੍ਹਾਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਸੀਬੀਐੱਸਈ ਨੇ ਕੋਵਿਡ- 19 ਮਹਾਮਾਰੀ ਦੌਰਾਨ 2 ਟਰਮਾਂ ਵਾਲੀ ਪ੍ਰਣਾਲੀ ਸ਼ੁਰੂ ਕੀਤੀ ਸੀ। ਹਾਲਾਂਕਿ, ਪਹਿਲੀ ਤੇ ਦੂਜੀ ਟਰਮ ਦੀਆਂ ਪ੍ਰੀਖਿਆਵਾਂ ਵਿੱਚ ਨਾ ਬੈਠਣ ਵਾਲੇ ਵਿਦਿਆਰਥੀਆਂ ਨੂੰ ਤੀਜਾ ਮੌਕਾ ਨਹੀਂ ਮਿਲੇਗਾ। ਇਹੀ ਨਹੀਂ, ਇਨ੍ਹਾਂ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਪ੍ਰੀਖਿਆਵਾਂ ਵਿੱਚ ਵੀ ਬੈਠਣ ਦੀ ਆਗਿਆ ਨਹੀਂ ਮਿਲੇਗੀ। ਉਨ੍ਹਾਂ ਨੂੰ ਇਹ ਕਲਾਸ ਦੁਬਾਰਾ ਕਰਨੀ ਪਵੇਗੀ ਤੇ ਅਗਲੇ ਅਕਾਦਮਿਕ ਵਰ੍ਹੇ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ’ਚ ਬੈਠਣਾ ਪਵੇਗਾ। ਸਿਹਤ ਮਾਹਿਰਾਂ ਮੁਤਾਬਕ ਕਰੋਨਾ, ਜੂਨ ਵਿੱਚ ਵੀ ਦਸਤਕ ਦੇ ਸਕਦਾ ਹੈ। ਸੁਆਲ ਇਹ ਹੈ ਕਿ ਪ੍ਰੀਖਿਆ ਕਿਵੇਂ ਲਈ ਜਾਵੇਗੀ? ਬੋਰਡ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਪ੍ਰੀਖਿਆਵਾਂ ਸਹੀ ਢੰਗ ਨਾਲ ਲਈਆਂ ਜਾ ਰਹੀਆਂ ਹਨ ਤੇ ਇਸ ਸਮੇਂ ਅਜਿਹੀ ਕੋਈ ਨਹੀਂ ਸਮੱਸਿਆ ਨਹੀਂ ਹੈ। ਦੱਸਣਯੋਗ ਹੈ ਕਿ ਸੀਬੀਐੱਸਈ ਵੱਲੋਂ ਨਵੰਬਰ-ਦਸੰਬਰ ਵਿੱਚ ਪਹਿਲੀ ਟਰਮ ਦੀ ਪ੍ਰੀਖਿਆ ਲਈ ਜਾ ਚੁੱਕੀ ਹੈ। ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਸੰਯਮ ਭਾਰਦਵਾਜ ਮੁਤਾਬਕ ਦੂਜੇ ਪੜਾਅ ਜਾਂ ਟਰਮ ’ਚ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਇੱਕੋ ਸ਼ਿਫਟ ਵਿੱਚ ਲਈਆਂ ਜਾ ਰਹੀਆਂ ਹਨ। ਬੋਰਡ ਨੇ ਕੰਪਾਰਟਮੈਂਟ ਪ੍ਰੀਖਿਆ ਯੋਗਤਾ ਤੇ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।
ਹਾਲਾਂਕਿ ਜੇ ਕਿਸੇ ਵਿਦਿਆਰਥੀ ਨੇ ਪ੍ਰੀਖਿਆਵਾਂ ਦੀ ਪਹਿਲੀ ਸਟੇਜ ਪੂਰੀ ਕਰ ਲਈ ਹੈ ਤੇ ਕਰੋਨਾ ਕਾਰਨ ਦੂਜੇ ਪੜਾਅ ਦੀ ਪ੍ਰੀਖਿਆ ਨਹੀਂ ਦੇ ਸਕਿਆ ਤਾਂ ਹੋਰ ਢੰਗ ਅਪਣਾਏ ਜਾ ਸਕਦੇ ਹਨ। -ਆਈਏਐੱਨਐੱਸ